ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਤੇ ਚੀਨ ਦੇ ਸੀਨੀਅਰ ਫ਼ੌਜੀ ਕਮਾਂਡਰਾਂ ਵਿਚਾਲੇ ਗੱਲਬਾਤ ਦਾ ਤਾਜ਼ਾ ਗੇੜ ਜਾਰੀ ਹੈ। ਗੱਲਬਾਤ ਕਰ ਕੇ ਅਸਲ ਕੰਟਰੋਲ ਰੇਖਾ ਦੇ ਨਾਲ ਟਕਰਾਅ ਵਾਲੀਆਂ ਥਾਵਾਂ ’ਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਨੂੰ ਇਕ-ਦੂਜੇ ਤੋਂ ਦੂਰ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਕੋਰ ਕਮਾਂਡਰ ਪੱਧਰ ਦੇ ਫ਼ੌਜੀ ਅਧਿਕਾਰੀਆਂ ਵਿਚਾਲੇ ਗੱਲਬਾਤ ਦਾ ਇਹ ਪੰਜਵਾਂ ਗੇੜ ਹੈ। ਪੰਜ ਮਈ ਨੂੰ ਹੋਏ ਟਕਰਾਅ ਤੋਂ ਬਾਅਦ ਸਰਹੱਦੀ ਤਣਾਅ ਘਟਾਉਣ ਲਈ ਲਗਾਤਾਰ ਗੱਲਬਾਤ ਦੇ ਦੌਰ ਚਲਾਏ ਜਾ ਰਹੇ ਹਨ। ਮੀਟਿੰਗ ਅੱਜ ਅਸਲ ਕੰਟਰੋਲ ਰੇਖਾ ਦੇ ਚੀਨ ਵਾਲੇ ਪਾਸੇ ਮੋਲਡੋ ਵਿਚ ਹੋਈ। ਸੂਤਰਾਂ ਮੁਤਾਬਕ ਭਾਰਤੀ ਧਿਰ ਪੈਂਗੌਂਗ ਝੀਲ ਇਲਾਕੇ ’ਚੋਂ ਚੀਨੀ ਫ਼ੌਜ ਨੂੰ ਪੂਰੀ ਤਰ੍ਹਾਂ ਕੱਢਣ ’ਤੇ ਜ਼ੋਰ ਦੇ ਰਹੀ ਹੈ। ਇਸ ਤੋਂ ਇਲਾਵਾ ਗੱਲਬਾਤ ਹੋਰਨਾਂ ਇਲਾਕਿਆਂ ’ਚ ਫ਼ੌਜਾਂ ਨੂੰ ਦੂਰ ਕਰਨ ਉਤੇ ਕੇਂਦਰਿਤ ਹੈ।
ਪਿਛਲੀ ਵਾਰ ਗੱਲਬਾਤ 14 ਜੁਲਾਈ ਨੂੰ ਹੋਈ ਸੀ ਤੇ ਕਰੀਬ 15 ਘੰਟੇ ਚੱਲੀ। ਭਾਰਤੀ ਧਿਰ ਨੇ ‘ਸਪੱਸ਼ਟ ਸ਼ਬਦਾਂ’ ਵਿਚ ਕਿਹਾ ਸੀ ਕਿ ਚੀਨ ਪੂਰਬੀ ਲੱਦਾਖ ਵਿਚ ਪਹਿਲਾਂ ਵਾਲੀ ਸਥਿਤੀ ਬਹਾਲ ਕਰੇ। ਇਲਾਕੇ ਵਿਚ ਸ਼ਾਂਤੀ ਬਹਾਲੀ ਲਈ ਸਰਹੱਦੀ ਪ੍ਰਬੰਧਨ ਬਾਰੇ ਦੋਵਾਂ ਮੁਲਕਾਂ ਵਿਚ ਹੋਏ ਸਮਝੌਤਿਆਂ ਉਤੇ ਅਮਲ ਕੀਤਾ ਜਾਵੇ। ਚੀਨ ਦੀ ਫ਼ੌਜ ਗਲਵਾਨ ਵਾਦੀ ਤੇ ਹੋਰਨਾਂ ਟਕਰਾਅ ਵਾਲੀਆਂ ਥਾਵਾਂ ਤੋਂ ਪਹਿਲਾਂ ਹੀ ਪਿੱਛੇ ਹਟ ਚੁੱਕੀ ਹੈ। ਪਰ ਪੈਂਗੌਂਗ ਦੇ ਫਿੰਗਰ ਇਲਾਕਿਆਂ ਵਿਚ ਉਹ ਹਾਲੇ ਵੀ ਜੰਮੇ ਹੋਏ ਹਨ।