ਨਵੀਂ ਦਿੱਲੀ, (ਸਮਾਜ ਵੀਕਲੀ) : ਕੈਨੇਡਾ ਦੀ ਸਰਕਾਰ ਵੱਲੋਂ ‘ਰਾਏਸ਼ੁਮਾਰੀ 2020’ ਦਾ ਫ਼ੈਸਲਾ ਰੱਦ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਪਾਬੰਦੀਸ਼ੁਦਾ ਵੱਖਵਾਦੀ ਜਥੇਬੰਦੀ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਨੇ ਅੱਜ ਖਾਲਿਸਤਾਨ ਰੈਫਰੈਂਡਮ ਦੇ ਹੱਕ ’ਚ ਵੋਟਰਾਂ ਦੀ ਰਜਿਸਟੇਸ਼ਨ ਲਈ ਕੈਨੇਡੀਅਨ ਸਾਈਬਰ ਸਪੇਸ ਤੋਂ ਪੋਰਟਲ ਜੰਮੂ-ਕਸ਼ਮੀਰ ’ਚ ਲਾਂਚ ਕੀਤਾ ਹੈ।
ਇਸ ਵੈੱਬ ਪੇਜ ’ਤੇ ਕੈਨੇਡਾ ਦਾ ਲਾਲ ਤੇ ਚਿੱਟੇ ਰੰਗ ਦਾ ਝੰਡਾ ਅਤੇ ਖਾਲਿਸਤਾਨ ਦਾ ਝੰਡਾ ਮਿਲੇ ਹੋਏ ਦਿਖਾਈ ਦੇ ਰਹੇ ਹਨ। ਐੱਸਐੱਫਜੇ ਨੇ ਇਸ ਤੋਂ ਪਹਿਲਾਂ 19 ਜੁਲਾਈ ਨੂੰ ਦਿੱਲੀ ’ਚ ਖਾਲਿਸਤਾਨ ਦੇ ਹੱਕ ’ਚ ਭਾਰਤ ਵਿਰੋਧੀ ਏਜੰਡੇ ਦੇ ਪ੍ਰਚਾਰ ਲਈ ਇਹੋ ਜਿਹੇ ਕੈਨੇਡਿਆਈ ਪੋਰਟਲ ਦੀ ਵਰਤੋਂ ਕੀਤੀ ਸੀ ਪਰ ਉਸ ਸਮੇਂ ਭਾਰਤੀ ਏਜੰਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਏਜੰਸੀਆਂ ਵੱਲੋਂ 4 ਜੁਲਾਈ ਨੂੰ ਪੰਜਾਬ ’ਚ ਕੀਤੀ ਗਈ ਅਜਿਹੀ ਕੋਸ਼ਿਸ਼ ਨੂੰ ਵੀ ਨਾਕਾਮ ਕੀਤਾ ਜਾ ਚੁੱਕਾ ਹੈ।
ਐੱਸਐਫਜੇ ਨੇ ਪਿੱਛੇ ਜਿਹੇ 26 ਜੁਲਾਈ ਤੱਕ ਖਾਲਿਸਤਾਨ ਦੇ ਹੱਕ ’ਚ ਹਮਾਇਤ ਹਾਸਲ ਕਰਨ ਲਈ ਵੋਟਰ ਰਜਿਸਟਰੇਸ਼ਨ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੀ ਹਮਾਇਤ ਪ੍ਰਾਪਤ ‘ਰੈਫਰੈਂਡਮ 2020’ ਦੇ ਪ੍ਰਚਾਰ ਨੂੰ ਭਾਰਤ ਵਿਚਲਾ ਸਿੱਖ ਭਾਈਚਾਰਾ ਪਹਿਲਾਂ ਹੀ ਨਕਾਰ ਚੁੱਕਾ ਹੈ। ਪਕਿਸਤਾਨ ਦੇ ਕਈ ਟਵਿੱਟਰ ਵਰਤੋਂਕਾਰਾਂ ਵੱਲੋਂ ਐੱਸਐੱਫਜੇ ਦੇ ਏਜੰਡੇ ਨੂੰ ਹਮਾਇਤ ਦੇਣੀ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ।