(ਸਮਾਜ ਵੀਕਲੀ)
ਲੁੱਟਾਂ,ਖੋਹਾਂ ਬਾਰੇ ਦੱਸਣ ਖਬਰਾਂ ਅਖਬਾਰ ਦੀਆਂ,
ਖ਼ੌਰੇ ਕਦ ਅੱਖਾਂ ਖੁੱਲ੍ਹਣੀਆਂ ਨੇ ਇਸ ਸਰਕਾਰ ਦੀਆਂ?
ਇਕ,ਇਕ ਕਰਕੇ ਸਾਨੂੰ ਔਖੇ ਵੇਲੇ ਛੱਡ ਗਏ ਸਾਰੇ,
ਦੱਸੋ ਫਿਰ ਸਿਫਤਾਂ ਕਰੀਏ ਕਿਹੜੇ ਸੱਚੇ ਯਾਰ ਦੀਆਂ?
ਬਾਕੀ ਸਾਕ ਸਬੰਧੀ ਤਾਂ ਚੁੱਪ ਚਾਪ ਖੜੇ ਰਹਿੰਦੇ ਨੇ,
ਮਾਂ ਦੀ ਮੌਤ ਤੇ ਅਕਸਰ ਧੀਆਂ ਹੀ ਭੁੱਬਾਂ ਮਾਰ ਦੀਆਂ।
ਹੁਣ ਉਸ ਤੇ ਦੁਆਵਾਂ ਤੇ ਦਵਾਵਾਂ ਨੇ ਅਸਰ ਨਹੀਂ ਕਰਨਾ,
ਸਭ ਨਬਜ਼ਾਂ ਰੁਕ ਗਈਆਂ ਨੇ ਯਾਰੋ ਜਿਸ ਬੀਮਾਰ ਦੀਆਂ।
ਧੀਆਂ ਤਾਂ ਫੁੱਲਾਂ ਵਾਂਗਰ ਹੋਵਣ ਇਸ ਜੱਗ ਵਿੱਚ ਯਾਰੋ,
ਪਹਿਲਾਂ ਇਹ ਪੇਕੇ ਤੇ ਫਿਰ ਸਹੁਰੇ ਜਾ ਖੁਸ਼ਬੋ ਖਿਲਾਰ ਦੀਆਂ।
ਜਿਸ ਦੇ ਪੱਲੇ ਕੁਝ ਨਹੀਂ,ਫਿਰ ਵੀ ਖੁਦ ਨੂੰ ਵੱਡਾ ਸਮਝੇ,
ਅੱਜ ਹਰ ਕੋਈ ਗੱਲਾਂ ਕਰਦੈ ‘ਉਸ ਚੌਕੀਦਾਰ’ ਦੀਆਂ।
ਸੰਪਾਦਕ ਨੂੰ ਚੰਗੀਆਂ ਲੱਗਦੀਆਂ ਨੇ ਮੇਰੀਆਂ ਗ਼ਜ਼ਲਾਂ,
ਤਾਂ ਹੀ ਇਹ ਯਾਰੋ ਉਸ ਦੇ ਪਰਚੇ ਨੂੰ ਸ਼ਿੰਗਾਰ ਦੀਆਂ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554