ਮੇਰੇ ਨਾਨਕਿਆਂ ਤੋਂ ਫੋਨ ਆਇਆ ਤੇ ਮਾਮੀ ਜੀ ਨੇ ਮਾਂ ਨੂੰ ਆਡਰ ਦੇ ਦਿੱਤਾ ਕਿ ‘ਮਾਰੇ ਵਾਸਤੇ ਮੰਜੇ ਬਣਵਾ ਦੀਏ ਔਰ ਭਰਕੇ ਵੀ ਛੋਡ ਦੀਓ’ ਮਾਂ ਨੇ ਮੈਨੂੰ ਕਿਹਾ ਵੀ ਤੂੰ ਭਰ, ਅੱਗੋ ਇਹ ਵੀ ਕਿਹਾ ਕਿ ਡਿਜ਼ਾਇਨ ਵਾਲਾ ਭਰ, ਫਸ ਗਈ ਨਯਾਣੀ ਜ਼ਿੰਦ, ਮੈਂ ਵੀ ਹਾਂ ਕਰਤੀ ਪਰ ਇੱਕ ਸ਼ਰਤ ਰੱਖੀ ਵੀ ਮਾਸੀ ਹੋਰਾਂ ਤੋਂ ਵੀ ਦੋ ਮੰਜੇ ਭਰਾਓ ਤੇ ਮੈਂ ਸਿੰਪਲ ਮੰਜਾ ਭਰਾਂਗੀ। ਮੈਂ ਕਿਹਾ ਵਾਂਗਰੂਆਂ ਨੂੰ ਕਿ ਪਤਾ ਹੁੰਦਾ ਸਿੰਪਲ ਤੇ ਡਿਜ਼ਾਇਨ ਵਾਲੇ ਮੰਜਿਆ ਦਾ ਪਰ ਮੰਜੇ ਭਰਨੇ ਜਰੂਰੀ ਸੀ ਨਹੀਂ ਤਾਂ ਮਾਮੀ ਨੇ ਮਾਂ ਨਾਲ ਰੁੱਸ ਜਾਣਾ ਸੀ, ਮੈਨੂੰ ਏਦਾ ਸੀ ਕਿ ਸਿੰਪਲ ਮੰਜੇ ਭਰਨ ਨਾਲ ਮੇਰੀ ਮਿਹਨਤ ਵੀ ਬਚ ਜਾਵੇਗੀ ਤੇ ਕੰਮ ਵੀ ਜਲਦੀ ਹੋ ਜਾਵੇਗਾ। ਪਰ ਮਜ਼ਾਲ ਆ ਮਾਂ ਮੰਨੇ। ਚਲੋ ਕਰਦੇ ਕਰਾਉਂਦੇ ਮੈਂ ਮੰਜਾ ਇਕ ਆਂਟੀ ਦੀ ਮਦੱਦ ਨਾਲ ਸ਼ੁਰੂ ਕਰ ਦਿੱਤਾ। ਜੋ ਆਂਟੀ ਮੰਜਾ ਸ਼ੁਰੂ ਕਰਨ ਆਏ ਸਨ ਉਹ ਵੀ ਮਾਂ ਦੀਆਂ ਗੱਲਾਂ ਨਾਲ ਹਾਮੀ ਭਰਦਿਆਂ ਕਹਿਣ ਲਗੇ,”ਕੰਮ ਤਾਂ ਸਿੱਖਣੇ ਚਾਹੀਦੇ ਨੇ।” ਮੈਂ ਗੱਲ ਹਾਸੇ ਮਜ਼ਾਕ ‘ਚ ਲੈ ਗਈ ਕਿ ਮੇਰੇ ਸਹੁਰੇ ਤਾਂ ਜਿਵੇਂ ਮੇਰੀ ਹੀ ਉਡੀਕ ਕਰਦੇ ਨੇ, ਵੀ ਮੈਂ ਜਾ ਕੇ ਮੰਜੇ ਭਰੂ ਪਰ ਦੂਸਰੇ ਹੀ ਪਲ ਖ਼ਿਆਲ ਆਇਆ ਕਿ ਜਿੰਨੀ ਮਹਿੰਗਾਈ ਹੈ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਹਨ, ਉਤੋਂ ‘ਘਰ-ਘਰ ਨੌਕਰੀ ਦੇ ਲਾਰੇ ਤੇ ਸਭ ਦਾ ਸਾਥ ਸਭ ਦਾ ਵਿਕਾਸ ‘ ਦੇ ਖੋਖਲੇ ਵਾਅਦੇ ਅਤੇ ਗੈਸਟ ਫੈਕਲਟੀ, ਪੀਟੀਏ ਤੇ ਭਰਤੀ ਅਧਿਆਪਕਾਂ ਦੀਆਂ ਨਿਗੁਣੀਆਂ ਤਨਖਾਹਾਂ ਉਹ ਵੀ ਸਾਲ ਭਰ ਯੂਨੀਵਰਸਟੀ ਵੱਲੋਂ ਨਹੀਂ ਦਿੱਤੀਆਂ ਗਈਆਂ, ਤਾਂ ਜੇਕਰ ਕੰਮ ਆਉਂਦਾ ਹੋਊ ਤਾਂ ਘੱਟੋ-ਘੱਟ ਅਪਣਾ ਹੀ ਬਿਜ਼ਨਸ ਸ਼ੁਰੂ ਕੀਤਾ ਜਾ ਸਕਦਾ ਹੈ।
ਮੈਂ ਮੰਜਾ ਭਰਨ ਲੱਗ ਪਈ, ਸਾਰਾ ਦਿਨ ਭਰਦੀ ਰਹੀ, ਮੇਰੀਆਂ ਉਂਗਲਾਂ ਦੇ ਨਸੂਰ ਫੱਟ ਗਏ, ਕਮਰ ‘ਚ ਦਰਦ ਉੱਠ ਖੜਿਆ, ਤੇ ਫਿਰ ਇਸ ਕੰਮ ਤੋਂ ਮੈਂ ਐਨਾਂ ਅੱਕ ਗਈ ਕਿ ਮਨ ਹੀ ਮਨ ਨਾਨਕਿਆਂ ਨੂੰ ਕੋਸਣ ਲੱਗ ਪਈ। ਮੈਂ ਇਕ ਦਮ ਹੀ ਮਾਂ ਨੂੰ ਪੁੱਛਿਆ ਕਿ ਇੱਕ ਮੰਜਾ ਭਰਨ ਦੀ ਕੀਮਤ ਕਿੰਨੀ ਹੋਊ, ਮਾਂ ਦਾ ਜਵਾਬ ਸੁਣ ਮੈਂ ਬਹੁਤ ਹੈਰਾਨ ਹੋਈ ਕਿ ਸਿੰਪਲ ਮੰਜੇ ਦੀ ਭਰਾਈ ਕੇਵਲ 250 ਰੁਪਏ ਅਤੇ ਡਿਜ਼ਾਇਨ ਵਾਲੇ ਮੰਜੇ ਦੇ 300 ਰੁਪਏ! “ਜਿਸ ਮੰਜੇ ਨੂੰ ਭਰਨ ਨੂੰ 2 ਦਿਨ ਤੋਂ ਵੱਧ ਸਮਾਂ ਲੱਗਦਾ ਹੈ, ਉਸ ਕਿਰਤ ਦਾ ਮੁੱਲ ਇਨ੍ਹਾਂ ਘੱਟ”, ਮੈਂ ਸੋਚਾਂ ‘ਚ ਪੈ ਗਈ।