(ਸਮਾਜ ਵੀਕਲੀ)
ਜੇ ਤੂੰ ਜੱਟ ਜੱਟੀ ਦਾ ਜਾਇਆ।
ਗੀਤਾਂ ਵਿੱਚ ਕਿਉਂ ਰੌਲਾ ਪਾਇਆ?
ਤੂੰ ਵੀ ਦੁਨੀਆਂ ਵਾਂਗ ਹੀ ਜੰਮਿਆ।
ਕਿਉਂ ਸੋਚੇਂ ਅਸਮਾਨ ਮੈਂ ਥੰਮਿਆ?
ਦੂਜਿਆਂ ਨਾਲੋਂ ਜੁਦਾ ਤੇ ਨਹੀਂ ਤੂੰ?
ਜੱਟ ਹੈਂ ਕੋਈ ਖੁਦਾ ਤੇ ਨਹੀਂ ਤੂੰ?
ਮੰਨਿਆ ਕਿ ਤੂੰ ਖੇਤਾਂ ਦਾ ਮਾਲਕ।
ਕਿਉ ਸਮਝਦੈਂ ਖੁਦ ਨੂੰ ਖਾਲਕ?
ਗੁਰੂ ਨਾਨਕ ਨੇ ਵੀ ਸੀ ਹਲ ਵਾਹਿਆ।
ਉਹਨੇ ਤਾਂ ਨਹੀ ਜੱਟ ਕਹਾਇਆ?
ਲਿਖਦਾ ਸੀ ਉਹ ਗਾਉਂਦਾ ਸੀ ਉਹ।
ਏਦਾਂ ਤਾਂ ਖੱਪ ਨੀ ਪਾਉਂਦਾ ਸੀ ਉਹ?
ਖੁਦ ਨੂੰ ਘੈੰਟ ਕਹਾਉਂਦਾ ਨਹੀਂ ਸੀ?
ਦੂਜਿਆਂ ਨੂੰ ਦਬਕਾਉਂਦਾ ਨਹੀਂ ਸੀ?
ਨਾਲ ਗਰੀਬਾਂ ਖੜ ਜਾਂਦਾ ਸੀ।
ਜਾਲਮ ਅੱਗੇ ਅੜ ਜਾਂਦਾ ਸੀ।
ਜੱਟਾ ਇਤਿਹਾਸ ਤੂੰ ਪੜ੍ਹੀਂ ਜਰੂਰ।
ਤੂੰ ਵੀ ਹੁੰਦਾ ਸੀ ਮਜਦੂਰ।
ਚੌਧਰੀ ਭੋਇੰ ਦੇ ਮਾਲਕ ਸੀਗੇ।
ਅਸੀਂ ਪਸ਼ੂਆਂ ਦੇ ਪਾਲਕ ਸੀਗੇ।
ਨਾਲੇ ਅਸੀ ਸਾਂ ਖੇਤੀ ਕਰਦੇ।
ਫਸਲ ਮਾਲਕਾਂ ਅੱਗੇ ਧਰਦੇ।
ਉਹ ਸਾਨੂੰ ਕੁਝ ਹਿੱਸਾ ਦਿੰਦਾ।
ਜੱਟ ਸੀ ਨੌਕਰ ਅਤੇ ਕਰਿੰਦਾ।
ਫੇਰ ਖਾਲਸਾ ਰਾਜ ਸੀ ਆਇਆ।
ਜਿਸ ਨੇ ਤੈਨੂੰ ਰਾਜ ਬਹਾਇਆ।
ਜਿਸ ਨੇ ਜਿੰਨਾ ਵਾਹਣ ਸੀ ਵਾਹਿਆ।
ਉਹ ਹੀ ਮਾਲਕ ਗਿਆ ਬਣਾਇਆ।
ਚੌਧਰੀਆਂ ਤੋਂ ਛਡਵਾਏ ਕਬਜ਼ੇ।
ਜੱਟਾਂ ਨੂੰ ਫੇਰ ਕਰਵਾਏ ਕਬਜ਼ੇ।
ਹੌਲੀ-ਹੌਲੀ ਫਿਰ ਵਧਦੇ ਮੁੱਲ ਗਏ।
ਜੱਟ ਪਿਛੋਕੜ ਆਪਣਾ ਭੁੱਲ ਗਏ।
ਪੈਸਾ ਭੋਇੰ ਸਰੂਰ ਬਣ ਗਿਆ।
ਜੱਟ ਸ਼ਬਦ ਫਤੂਰ ਬਣ ਗਿਆ।
ਫਿਲਮਾ-ਗੀਤਾਂ ਵਿੱਚ ਜੱਟ ਆ ਗਿਆ।
ਚਾਰੇ ਪਾਸੇ ਜੱਟ ਛਾ ਗਿਆ।
ਜੱਟ ਪੁਣੇ ਦਾ ਢੋਲ ਵਜਾ ਕੇ।
ਕਮਲਾ ਜੱਟ ਲੁੱਟਿਆ ਚਮਲਾ ਕੇ।
ਦਾਰੂ ਪੀ ਕੇ ਮਾਰੇ ਲਲਕਾਰੇ।
ਝੱਲਿਆਂ ਵਾਗੂੰ ਝੱਲ ਖਿਲਾਰੇ।
ਘੋਲੀਏ ਦਾ ਜਰਨੈਲ ਹੈ ਕਹਿੰਦਾ।
ਜੋ ਅਕਸਰ ਸਮਝਾਉਂਦਾ ਰਹਿੰਦਾ।
ਜੱਟਾ ਆਪਣਾ ਮੂਲ ਪਛਾਣ।
ਸਿੰਘ ਹੋਣ ਤੇ ਕਰੀਏ ਮਾਣ।