ਨਵੀਂ ਦਿੱਲੀ (ਸਮਾਜਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਰੋਨਾ ਮਹਾਮਾਰੀ ਨੇ ਕੁੱਲ ਆਲਮ ਦੇ ਸਬਰ ਦਾ ਵੱਡਾ ਇਮਤਿਹਾਨ ਲਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਅੱਜ ਦੀ ਦੁਨੀਆਂ ’ਚ ਇਸ ਆਲਮੀ ਜਥੇਬੰਦੀ ਦੀ ਭੂਮਿਕਾ ਤੇ ਮਹੱਤਵ ਦੇ ਮੁਲਾਂਕਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਖ਼ਿਲਾਫ਼ ਸਾਂਝੀ ਜੰਗ ’ਚ ਭਾਰਤ ਨੇ ਅੱਗੇ ਹੋ ਕੇ ਵਿਸ਼ਵ ਦੇ 150 ਤੋਂ ਵੱਧ ਮੁਲਕਾਂ ਦੀ ਮਦਦ ਕੀਤੀ ਹੈ।
ਸ੍ਰੀ ਮੋਦੀ ਇਥੇ ਵੀਡੀਓ ਕਾਨਫਰੰਸ ਰਾਹੀਂ ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ਮੌਕੇ ਸੰਯੁਕਤ ਰਾਸ਼ਟਰ ਦੀ ਅਾਰਥਿਕ ਤੇ ਸਮਾਜਿਕ ਕੌਂਸਲ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੀ ਇਸ ਬਿਮਾਰੀ ਖ਼ਿਲਾਫ਼ ਲੜਾਈ ਨੂੰ ਲੋਕ ਸੰਘਰਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਰੋਨਾ ਖ਼ਿਲਾਫ਼ ਜੰਗ ’ਚ ਦੇਸ਼ ਦੇ ਬੁਨਿਆਦੀ ਸਿਹਤ ਪ੍ਰਬੰਧ ਕਾਰਨ ਇੱਥੇ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵਿਸ਼ਵ ਦੇ ਹੋਰਨਾਂ ਮੁਲਕਾਂ ਮੁਕਾਬਲੇ ਕਿਤੇ ਬਿਹਤਰ ਹੈ।
ਸਲਾਮਤੀ ਕੌਂਸਲ ’ਚ ਗ਼ੈਰਸਥਾਈ ਮੈਂਬਰ ਵਜੋਂ ਭਾਰਤ ਦੇ ਚੁਣੇ ਜਾਣ ਮਗਰੋਂ ਸੰਯੁਕਤ ਰਾਸ਼ਟਰ ’ਚ ਸ੍ਰੀ ਮੋਦੀ ਦਾ ਇਹ ਪਲੇਠਾ ਭਾਸ਼ਨ ਸੀ।