ਸਟਾਕਨਾ/ਲੁਕੁੰਗ (ਲੱਦਾਖ) (ਸਮਾਜਵੀਕਲੀ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੱਦਾਖ ਦੇ ਦੌਰੇ ਮੌਕੇ ਅੱਜ ਕਿਹਾ ਕਿ ਭਾਰਤ ਕਮਜ਼ੋਰ ਮੁਲਕ ਨਹੀਂ ਹੈ ਤੇ ਦੁਨੀਆ ਦੀ ਕੋਈ ਵੀ ਤਾਕਤ ਇਸ ਦੀ ਇੱਕ ਇੰਚ ਜ਼ਮੀਨ ਵੀ ਹਥਿਆ ਨਹੀਂ ਸਕਦੀ। ਉਨ੍ਹਾਂ ਅੱਜ ਚੀਨ ਨਾਲ ਜਾਰੀ ਸਰਹੱਦੀ ਤਣਾਅ ਦਰਮਿਆਨ ਖਿੱਤੇ ਵਿਚ ਸੁਰੱਖਿਆ ਸਥਿਤੀਆਂ ਦਾ ਵਿਆਪਕ ਜਾਇਜ਼ਾ ਲਿਆ। ਲੁਕੁੰਗ ਵਿਚ ਫ਼ੌਜ ਤੇ ਆਟੀਬੀਪੀ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਰਾਜਨਾਥ ਨੇ ਕਿਹਾ ਕਿ ਪੂਰਬੀ ਲੱਦਾਖ ਵਿਚ ਸਰਹੱਦੀ ਮਸਲੇ ਹੱਲ ਕਰਨ ਲਈ ਗੱਲਬਾਤ ਜਾਰੀ ਹੈ।
ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ‘ਟਕਰਾਅ ਕਿਸ ਹੱਦ ਤੱਕ ਘੱਟ ਹੋ ਸਕੇਗਾ, ਇਸ ਬਾਰੇ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ।’ 14 ਹਜ਼ਾਰ ਫੁੱਟ ਦੀ ਉਚਾਈ ਉਤੇ ਪੈਂਗੌਂਗ ਝੀਲ ਦੇ ਕੰਢੇ ’ਤੇ ਲੱਦਾਖ ਦੀ ਅਗਲੀ ਕਤਾਰ ਦੀ ਪੋਸਟ ’ਤੇ ਰੱਖਿਆ ਮੰਤਰੀ ਨੇ ਕਿਹਾ ‘ਅਸੀਂ ਆਪਣੇ ਜਵਾਨਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਣ ਦਿਆਂਗੇ।’ ਰੱਖਿਆ ਮੰਤਰੀ ਗਲਵਾਨ ਵਾਦੀ ਵਿਚ ਸ਼ਹੀਦ ਹੋਏ 20 ਭਾਰਤੀ ਫ਼ੌਜੀਆਂ ਦੇ ਸੰਦਰਭ ਵਿਚ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਰਤ ਦੇ ਮਾਣ ਨੂੰ ਠੇਸ ਪਹੁੰਚਾਉਣ ਵਾਲੇ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਰਾਜਨਾਥ ਨੇ ਕਿਹਾ ਕਿ ਗੱਲਬਾਤ ਰਾਹੀਂ ਹੱਲ ਕੱਢਣ ਤੋਂ ਵਧੀਆ ਬਦਲ ਹੋਰ ਕੋਈ ਹੋ ਹੀ ਨਹੀਂ ਸਕਦਾ। ਰੱਖਿਆ ਮੰਤਰੀ ਨੇ ਨਾਲ ਹੀ ਕਿਹਾ ਕਿ ਭਾਰਤ ਸ਼ਾਂਤੀ ਦਾ ਹਾਮੀ ਹੈ। ਭਾਰਤ ਨੇ ਕਦੇ ਕਿਸੇ ਮੁਲਕ ਉਤੇ ਹਮਲਾ ਨਹੀਂ ਕੀਤਾ ਤੇ ਨਾ ਹੀ ਕਿਸੇ ਮੁਲਕ ਦੀ ਜ਼ਮੀਨ ਉਤੇ ਦਾਅਵਾ ਜਤਾਇਆ ਹੈ। ਭਾਰਤ ਗੁਆਂਢੀ ਮੁਲਕਾਂ ਨੂੰ ਪਰਿਵਾਰ ਮੰਨਦਾ ਹੈ। ਭਾਰਤ-ਚੀਨ ਸੈਨਾ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਇਹ ਰਾਜਨਾਥ ਦਾ ਪਹਿਲਾ ਲੱਦਾਖ ਦੌਰਾ ਸੀ।
ਰਾਜਨਾਥ ਨੇ ਕਿਹਾ ‘ਲੱਦਾਖ ਵਿਚ ਤਾਇਨਾਤ ਫ਼ੌਜੀ ਜਵਾਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਮੈਨੂੰ ਇਨ੍ਹਾਂ ਬਹਾਦਰ ਤੇ ਹਿੰਮਤੀ ਫ਼ੌਜੀਆਂ ਉਤੇ ਮਾਣ ਹੈ।’ ਰਾਜਨਾਥ ਅੱਜ ਸਵੇਰੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਤੇ ਫ਼ੌਜ ਮੁਖੀ ਜਨਰਲ ਐਮ.ਐਮ. ਨਰਵਾਣੇ ਨਾਲ ਲੱਦਾਖ ਪੁੱਜੇ ਸਨ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਵਿਚਾਲੇ ਤਣਾਅ ਘਟਾਉਣ ਲਈ ਫ਼ੌਜੀ ਕਮਾਂਡਰ ਪੱਧਰ ਦੀ ਗੱਲਬਾਤ ਜਾਰੀ ਹੈ।
ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਨੇੜੇ 5 ਮਈ ਤੋਂ ਖਿੱਚੋਤਾਣ ਬਣੀ ਹੋਈ ਹੈ। ਟਕਰਾਅ ਉਸ ਵੇਲੇ ਸਿਖ਼ਰਾਂ ’ਤੇ ਪਹੁੰਚ ਗਿਆ ਜਦ ਗਲਵਾਨ ਵਾਦੀ ’ਚ ਹੋਏ ਟਕਰਾਅ ’ਚ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ। ਚੀਨੀ ਫ਼ੌਜ ਦਾ ਵੀ ਜਾਨੀ ਨੁਕਸਾਨ ਹੋਣ ਬਾਰੇ ਕਿਹਾ ਗਿਆ ਸੀ। ਇਸ ਤੋਂ ਬਾਅਦ ਦੋਵਾਂ ਮੁਲਕਾਂ ਨੇ ਕੂਟਨੀਤਕ ਤੇ ਫ਼ੌਜੀ ਪੱਧਰ ਉਤੇ ਗੱਲਬਾਤ ਆਰੰਭ ਦਿੱਤੀ ਸੀ ਤੇ ਭਾਰਤੀ ਅਤੇ ਚੀਨੀ ਫ਼ੌਜਾਂ ਨੇ 6 ਜੁਲਾਈ ਨੂੰ ਇਕ ਦੂਜੇ ਤੋਂ ਦੂਰ ਹਟਣਾ ਆਰੰਭ ਦਿੱਤਾ ਸੀ। ਜ਼ਿਕਰਯੋਗ ਹੈ ਕਿ ਭਾਰਤੀ ਵਿਦੇਸ਼ ਮੰਤਰਾਲਾ ਵੀ ਕਹਿ ਚੁੱਕਾ ਹੈ ਕਿ ਐਲਏਸੀ ’ਤੇ ਭਾਰਤ ਦੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਹੈ। ਕਿਸੇ ਵੀ ਤਰ੍ਹਾਂ ਦੀ ‘ਇਕਪਾਸੜ ਕਾਰਵਾਈ’ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।