ਗੁਣਾ (ਮੱਧ ਪ੍ਰਦੇਸ਼) (ਸਮਾਜਵੀਕਲੀ) : ਮੱਧ ਪ੍ਰਦੇਸ਼ ਦੇ ਗੁਣਾ ਜ਼ਿਲ੍ਹੇ ’ਚ ਦਲਿਤ ਜੋੜੇ ਨੇ ਪੁਲੀਸ ਵੱਲੋਂ ਕੁੱਟਮਾਰ ਅਤੇ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਕੀਤੇ ਜਾਣ ਮਗਰੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਸੋਸ਼ਲ ਮੀਡੀਆ ’ਤੇ ਨਸ਼ਰ ਹੋਏ ਵੀਡੀਓ ’ਚ ਸਰਕਾਰੀ ਜ਼ਮੀਨ ਤੋਂ ਹਟਾਉਣ ਲਈ ਪੁਲੀਸ ਜੋੜੇ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਦੀ ਨਜ਼ਰ ਆ ਰਹੀ ਹੈ।
ਜੋੜੇ ਨੇ ਤੰਗ ਆ ਕੇ ਕੀਟਨਾਸ਼ਕ ਪੀ ਲਿਆ ਜਿਸ ਮਗਰੋਂ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਤੋਂ ਬਾਅਦ ਛੇ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਗੁਆਂਢੀਆਂ ਨੇ ਕਿਹਾ ਕਿ ਪੀੜਤ ਜੋੜੇ ਨੇ ਪੁਲੀਸ ਨੂੰ ਦੋ ਮਹੀਨਿਆਂ ਦੀ ਉਡੀਕ ਕਰਨ ਲਈ ਕਿਹਾ ਸੀ ਤਾਂ ਜੋ ਉਹ ਆਪਣੀ ਫ਼ਸਲ ਕੱਟ ਸਕਣ ਪਰ ਉਨ੍ਹਾਂ ਇਕ ਨਾ ਮੰਨੀ।
ਅਧਿਕਾਰੀਆਂ ਮੁਤਾਬਕ ਇਸ ਜ਼ਮੀਨ ’ਤੇ ਕਾਲਜ ਉਸਾਰਿਆ ਜਾਣਾ ਹੈ। ਬਸਪਾ ਮੁਖੀ ਮਾਇਆਵਤੀ ਨੇ ਪੁਲੀਸ ਕਾਰਵਾਈ ਨੂੰ ਸ਼ਰਮਨਾਕ ਦੱਸਦਿਆਂ ਇਸ ਦੀ ਨਿਖੇਧੀ ਕੀਤੀ ਹੈ। ਕਾਂਗਰਸ ਨੇ ਘਟਨਾ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਹੈ। ਉਧਰ, ਕੌਮੀ ਮਹਿਲਾ ਕਮਿਸ਼ਨ ਨੇ ਪੁਲੀਸ ਨੂੰ ਘਟਨਾ ਦੀ ਤੇਜ਼ੀ ਨਾਲ ਅਤੇ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਹਨ।