ਮੁਹਾਲੀ ’ਚ ਬੈਂਕ ਲੁੱਟ ਸਬੰਧੀ ਤਿੰਨ ਕਾਬੂ

ਐੱਸਏਐੱਸ ਨਗਰ (ਮੁਹਾਲੀ) (ਸਮਾਜਵੀਕਲੀ) :  ਮੁਹਾਲੀ ਪੁਲੀਸ ਨੇ ਇਥੋਂ ਦੇ ਫੇਜ਼-3ਏ ਵਿੱਚ ਕਾਮਾ ਹੋਟਲ ਨੇੜੇ ਕਰੀਬ ਮਹੀਨਾ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਵਿੱਚ ਲੱਖਾਂ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਤਿੰਨ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਜ਼ਿਲ੍ਹਾ ਪੁਲੀਸ ਹੈੱਡ ਕੁਆਰਟਰ ’ਤੇ ਮੁਹਾਲੀ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਬੈਂਕ ਲੁੱਟ ਮਾਮਲੇ ਵਿੱਚ ਸੰਦੀਪ ਖੁਰਮੀ ਉਰਫ਼ ਸੰਨ੍ਹੀ ਵਾਸੀ ਪਿੰਡ ਮਹਿਤਪੁਰ (ਜਲੰਧਰ), ਸੋਨੂੰ ਵਾਸੀ ਸੈਕਟਰ-45 ਚੰਡੀਗੜ੍ਹ ਅਤੇ ਰਵੀ ਕੁਠਾਰੀ ਵਾਸੀ ਪਿੰਡ ਚੰਦਾਵਾਸ (ਹਰਿਆਣਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 27 ਅਪਰਾਧਿਕ ਮਾਮਲੇ ਦਰਜ ਹਨ।

ਐਸਐਸਪੀ ਨੇ ਦੱਸਿਆ ਕਿ 17 ਜੂਨ ਨੂੰ ਦਿਨ ਦਿਹਾੜੇ ਮੁਲਜ਼ਮਾਂ ਨੇ ਪੀਐਨਬੀ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੰਦਿਆਂ 4 ਲੱਖ 79 ਹਜ਼ਾਰ 680 ਰੁਪਏ ਲੁੱਟ ਕੇ ਲੈ ਗਏ ਸੀ। ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ ਅਤੇ ਡੀਐੱਸਪੀ (ਸਿਟੀ-1) ਗੁਰੇਸ਼ਰ ਸਿੰਘ ਸੰਧੂ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਅਰੋੜਾ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਤਿੰਨਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਲੁੱਟੀ ਦੀ ਰਾਸ਼ੀ ’ਚੋਂ 301500 ਰੁਪਏ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੀ ਨਕਲੀ ਏਅਰ ਪਿਸਤੌਲ ਅਤੇ ਚਾਕੂ ਸਮੇਤ ਚੰਡੀਗੜ੍ਹ ਨੰਬਰ ਦੀ ਸਕੌਡਾ ਕਾਰ ਵੀ ਜ਼ਬਤ ਕੀਤੀ ਗਈ ਹੈ।

Previous articleਪੰਜਾਬ ਪੁਲੀਸ ਵੱਲੋਂ ਸ਼ਿਵ ਸੈਨਾ ਟਕਸਾਲੀ ਦਾ ਪ੍ਰਧਾਨ ਇੰਦੌਰ ਤੋਂ ਕਾਬੂ
Next articleਪੰਜਾਬ ਦਾ ਵਿਕਾਸ: ਸੱਤ ਦਿਨ ਪਹਿਲਾਂ ਬਣਾਈ ਸੜਕ ਧੱਸੀ