ਸਿੰਗਾਪੁਰ (ਸਮਾਜਵੀਕਲੀ) : ਕਰੋਨਾਵਾਇਰਸ ਮਹਾਮਾਰੀ ਦੌਰਾਨ ਹੋਈਆਂ ਅਾਮ ਚੋਣਾਂ ਵਿੱਚ ਸਪੱਸ਼ਟ ਬਹੁਮਤ ਹਾਸਲ ਕਰ ਕੇ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਏਨ ਲੂੰਗ ਦੀ ਪੀਪਲਜ਼ ਐਕਸ਼ਨ ਪਾਰਟੀ ਨੇ ਮੁੜ ਸੱਤਾ ਹਾਸਲ ਕੀਤੀ ਹੈ।
ਇਨ੍ਹਾਂ ਚੋਣਾਂ ਦੌਰਾਨ ਸੰਸਦ ਵਿੱਚ ਰਿਕਾਰਡ 10 ਸੀਟਾਂ ਹਾਸਲ ਕਰ ਕੇ ਵਿਰੋਧੀ ਧਿਰ ਨੇ ਵੀ ਅੱਜ ਤੱਕ ਦੀ ਆਪਣੀ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਈ ਹੈ। 1965 ਤੋਂ ਸੱਤਾ ਵਿੱਚ ਚੱਲੀ ਆ ਰਹੀ ਪੀਪਲਜ਼ ਐਕਸ਼ਨ ਪਾਰਟੀ ਨੇ ਕੁੱਲ 93 ਸੰਸਦੀ ਸੀਟਾਂ ਵਿੱਚੋਂ 83 ਸੀਟਾਂ ਜਿੱਤੀਆਂ ਪਰ ਵੋਟਾਂ ਦੀ ਫ਼ੀਸਦ ਸਾਲ 2015 ਵਿੱਚ ਪ੍ਰਾਪਤ ਕੀਤੀਆਂ 70 ਫ਼ੀਸਦ ਵੋਟਾਂ ਤੋਂ ਘੱਟ ਕੇ 61.2 ਫ਼ੀਸਦ ’ਤੇ ਆ ਗਈ।
ਵਿਰੋਧੀ ਧਿਰ ਵਰਕਰਜ਼ ਪਾਰਟੀ ਨੇ 10 ਸੀਟਾਂ ’ਤੇ ਜਿੱਤ ਹਾਸਲ ਕੀਤੀ ਜੋ ਕਿ ਉਸ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਨਤੀਜਾ ਹੈ।