ਸ੍ਰੀਨਗਰ (ਸਮਾਜਵੀਕਲੀ) : ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਕਸ਼ਮੀਰ ਦੇ ਲੋਕਾਂ ਨੂੰ ਭੜਕਾਉਣ ਵਿਚ ਅਸਫ਼ਲ ਰਹਿਣ ’ਤੇ ਪਾਕਿਸਤਾਨ ਜੰਮੂ-ਕਸ਼ਮੀਰ ਵਿਚ 300 ਦੇ ਕਰੀਬ ਅਤਿਵਾਦੀਆਂ ਦੀਆਂ ਘੁਸਪੈਠ ਕਰਵਾਊਣ ਦੀ ਕੋਸ਼ਿਸ਼ ਕਰ ਰਿਹਾ ਹੈ। ਜੀਓਸੀ 19 ਇਨਫੈਂਟਰੀ ਡਿਵੀਜ਼ਨ ਕਸ਼ਮੀਰ ਦੇ ਮੇਜਰ ਜਨਰਲ ਵਰਿੰਦਰ ਵਾਟਸ ਨੇ ਅੱਜ ਉੱਤਰ ਕਸ਼ਮੀਰ ਦੇ ਬਾਰਾਮੂਲਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕਿਹਾ,‘ਪਾਕਿਸਤਾਨ ਕਸ਼ਮੀਰ ਦੇ ਲੋਕਾਂ ਨੂੰ ਭੜਕਾਉਣ ਦੀ ਆਪਣੀ ਕੋਸ਼ਿਸ਼ ਵਿੱਚ ਅਸਫਲ ਰਿਹਾ ਹੈ।
ਉਸ ਨੂੰ ਪਤਾ ਹੈ ਕਿ ਗਰਮੀਆਂ ਦੇ ਸੀਜ਼ਨ ਖ਼ਤਮ ਹੋਣ ਵਿੱਚ ਤਿੰਨ ਜਾਂ ਚਾਰ ਮਹੀਨੇ ਹਨ ਤੇ ਉਹ ਵਾਦੀ ਵਿੱਚ ਅਤਿਵਾਦੀਆਂ ਦੀ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਵਿੱਚ ਹੈ। ਕੰਟਰੋਲ ਰੇਖਾ ਪਾਰ ਲਾਂਚਿੰਗ ਪੈਡ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਅਤਿਵਾਦੀ ਭਾਰਤ ਵਿਚ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਲਾਂਚ ਪੈਡਾਂ ਵਿਚ 250 ਤੋਂ 300 ਅਤਿਵਾਦੀਆਂ ਹਨ।