ਨਵੀਂ ਦਿੱਲੀ (ਸਮਾਜਵੀਕਲੀ) : ਅਰੁਣਾਚਲ ਪ੍ਰਦੇਸ਼ ਦੇ ਜ਼ਿਲ੍ਹਾ ਲੌਂਗਡਿੰਗ ’ਚ ਅੱਜ ਸਵੇਰੇ ਜੰਗਲਾਂ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਇਕ ਮੁਕਾਬਲੇ ’ਚ ਐੱਨਐੱਸਸੀਐੱਨ (ਆਈਐੱਮ) ਦੇ ਛੇ ਬਾਗੀ ਹਲਾਕ ਹੋ ਗਏ। ਇਹ ਜਾਣਕਾਰੀ ਫ਼ੌਜ ਤੇ ਪੁਲੀਸ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਅਸਾਮ ਰਾਈਫਲਜ਼ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ ਜਿਸ ਦੀ ਹਾਲਤ ਸਥਿਰ ਹੈ।
ਅਰੁਣਾਚਲ ਪ੍ਰਦੇਸ਼ ਪੁਲੀਸ ਦੇ ਬੁਲਾਰੇ ਨਵਦੀਪ ਸਿੰਘ ਬਰਾੜ ਨੇ ਕਿਹਾ, ‘‘ਇਹ ਮੁਕਾਬਲਾ ਅੱਜ ਸਵੇਰੇ ਲੌਂਗਡਿੰਗ ਦੇ ਪਿੰਡਾਂ ਨਗੀਨੂ ਤੇ ਨਗਿੱਸਾ ਵਿਚਾਲੇ ਪੈਂਦੇ ਜੰਗਲ ਵਿੱਚ ਹੋਇਆ। ਇਹ ਮੁਕਾਬਲਾ ਸਵੇਰੇ 4.30 ਵਜੇ ਸ਼ੁਰੂ ਹੋਇਆ ਅਤੇ ਕਰੀਬ ਦੋ ਘੰਟੇ ਚੱਲਿਆ। ਇਸ ਦੌਰਾਨ ਇਲਾਕੇ ਵਿੱਚੋਂ ਛੇ ਹਥਿਆਰਾਂ ਦੇ ਨਾਲ ਹੋਰ ਜੰਗੀ ਸਮੱਗਰੀ ਵੀ ਬਰਾਮਦ ਹੋਈ। ਇਲਾਕੇ ਵਿੱਚ ਅਤਿਵਾਦੀਆਂ ਦੇ ਹੋਣ ਦੀ ਸੂਹ ਮਿਲਣ ਤੋਂ ਬਾਅਦ ਇਹ ਅਪਰੇਸ਼ਨ ਅਸਾਮ ਰਾਈਫਲਜ਼ ਤੇ ਲੌਂਗਡਿੰਗ ਪੁਲੀਸ ਦੀ ਟੀਮ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।’’
ਉਨ੍ਹਾਂ ਦਾਅਵਾ ਕੀਤਾ ਕਿ ਬਾਗੀਆਂ ਦੇ ਸਮੂਹ ਵੱਲੋਂ ਲੌਂਗਡਿੰਗ ਮਾਰਕੀਟ ਦੇ ਪ੍ਰਧਾਨ ਤੇ ਸਕੱਤਰ ਨੂੰ ਅਗਵਾ ਕਰਨ ਦੀ ਯੋਜਨਾ ਸੀ। ਇਸ ਤੋਂ ਪਹਿਲਾਂ ਫ਼ੌਜ ਦੇ ਸੂਤਰਾਂ ਨੇ ਦਿੱਲੀ ਵਿੱਚ ਕਿਹਾ ਕਿ ਤਿਰਾਪ ਜ਼ਿਲ੍ਹੇ ਵਿੱਚ ਪੈਂਦੇ ਇਕ ਮਸ਼ਹੂਰ ਪਹਾੜੀ ਸਥਾਨ ਖੋਂਸਾ ਜਨਰਲ ਖੇਤਰ ਵਿੱਚ ਇਹ ਝੜਪ ਹੋਈ।