ਕਰੋਨਾ ਨੇ ਸੂਬੇ ਵਿੱਚ ਪੈਰ ਪਸਾਰੇ

ਲੁਧਿਆਣਾ (ਸਮਾਜਵੀਕਲੀ) :  ਸਨਅਤੀ ਸ਼ਹਿਰ ਵਿਚ ਅੱਜ 50 ਨਵੇਂ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ, ਜਿਨ੍ਹਾਂ ਵਿੱਚ ਪਾਇਲ ਦੇ ਐੱਸਡੀਐੱਮ ਅਤੇ ਕਰੋਨਾ ਪੀੜਤ ਏਡੀਸੀ ਦੇ ਡਰਾਈਵਰ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਆ ਗਈ ਹੈ।

ਇਸ ਤੋਂ ਇਲਾਵਾ ਸ਼ਹਿਰ ਦੇ ਸੀਐੱਮਸੀ ਹਸਪਤਾਲ ਵਿੱਚ ਦਾਖਲ ਇੱਕ ਮਰੀਜ਼ ਦੀ ਮੌਤ ਵੀ ਹੋ ਗਈ, ਜੋਕਿ ਹੋਰ ਬਿਮਾਰੀਆਂ ਨਾਲ ਵੀ ਪੀੜਤ ਸੀ। ਜ਼ਿਲ੍ਹੇ ਵਿੱਚ ਹੁਣ ਤੱਕ ਕਰੋਨਾ ਨਾਲ ਮੌਤਾਂ ਦੀ ਗਿਣਤੀ 29 ਅਤੇ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1231 ਹੋ ਗਈ ਹੈ।

ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਮੌਜੂਦ ਸਮੇਂ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 548 ਮਰੀਜ਼ਾਂ ਦਾ ਇਲਾਜ ਜਾਰੀ ਹੈ। ਬੀਤੇ ਦਿਨੀਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਲਏ ਗਏ 59 ਨਮੂਨਿਆਂ ਦੇ ਟੈਸਟਾਂ ਵਿੱਚੋਂ ਸਿਰਫ਼ ਇੱਕ ਨਮੂਨੇ (ਵਧੀਕ ਡਿਪਟੀ ਕਮਿਸ਼ਨਰ ਜਨਰਲ ਦਾ ਡਰਾਈਵਰ) ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਵੀ ਪਾਜ਼ੇਟਿਵ ਆਏ ਹਨ।

ਡੀਸੀ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 40402 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 39611 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 38142 ਨਤੀਜੇ ਨੈਗੇਟਿਵ ਆਏ ਹਨ, ਜਦਕਿ 791 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ 1231 ਮਾਮਲੇ ਪਾਜ਼ੇਟਿਵ ਪਾਏ ਗਏ ਹਨ, ਜਦਕਿ 238 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ 29 ਮੌਤਾਂ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਅਤੇ 28 ਹੋਰ ਜ਼ਿਲ੍ਹਿਆਂ ਨਾਲ ਸਬੰਧਤ ਹੋਈਆਂ ਹਨ।

Previous articleRising global temperature creates ‘enormous challenge’ for meeting climate goals
Next article’ਵਰਸਿਟੀ ਤੇ ਕਾਲਜ ਪ੍ਰੀਖਿਆਵਾਂ ਰੱਦ ਕਰੇ ਕੇਂਦਰ: ਅਮਰਿੰਦਰ