ਨਵੀਂ ਦਿੱਲੀ (ਸਮਾਜਵੀਕਲੀ) : ਮਸ਼ਹੂਰ ਵੀਡੀਓ ਕਾਨਫਰੰਸਿੰਗ ਐਪ ਜ਼ੂਮ ਵੱਲੋਂ ਭਾਰਤ ’ਚ ਅਗਲੇ ਪੰਜ ਸਾਲਾਂ ਦੌਰਾਨ ਵੱਡੇ ਨਿਵੇਸ਼ ਦੀ ਯੋਜਨਾ ਬਣਾਈ ਗਈ ਹੈ। ਕੰਪਨੀ ਪ੍ਰੋਡਕਟ ਅਤੇ ਇੰਜਨੀਅਰਿੰਗ ਦੇ ਪ੍ਰਧਾਨ ਵੀ ਸ਼ੰਕਰਲਿੰਗਮ ਨੇ ਬਲੌਗ ’ਚ ਕਿਹਾ ਕਿ ਜ਼ੂਮ ਅਤੇ ਚੀਨ ਨੂੰ ਲੈ ਕੇ ਕੁਝ ਗਲਤ ਧਾਰਨਾਵਾਂ ਨਿਰਾਸ਼ ਕਰਨ ਵਾਲੀਆਂ ਹਨ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਮੁਕੇਸ਼ ਅੰਬਾਨੀ ਦੀ ਕੰਪਨੀ ਨੇ ਜੀਓਮੀਟ ਐਪ ਲਾਂਚ ਕੀਤਾ ਹੈ।
ਸ਼ੰਕਰਲਿੰਗਮ ਨੇ ਦਾਅਵਾ ਕੀਤਾ ਕਿ ਜ਼ੂਮ ਅਮਰੀਕੀ ਕੰਪਨੀ ਹੈ। ਇਸ ਦਾ ਹੈੱਡਕੁਆਰਟਰ ਸਾਂ ਹੋਜ਼ੇ, ਕੈਲੇਫੋਰਨੀਆ ’ਚ ਹੈ। ਜ਼ਿਕਰਯੋਗ ਹੈ ਕਿ ਜ਼ੂਮ ਐਪ ’ਤੇ ਮੁਫ਼ਤ ਵੀਡੀਓ ਕਾਲਿੰਗ ਲਈ 40 ਮਿੰਟ ਦਾ ਸਮਾਂ ਮਿਲਦਾ ਹੈ। ਭਾਰਤ ਵੱਲੋਂ 59 ਚੀਨੀ ਐਪਜ਼ ’ਤੇ ਪਾਬੰਦੀ ਲਗਾਏ ਜਾਣ ਮਗਰੋਂ ਜ਼ੂਮ ’ਤੇ ਵੀ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ।