ਲਖਨਊ (ਸਮਾਜਵੀਕਲੀ) : ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿੱਚ ਅੱਜ ਫ਼ੈਜ਼ਾਬਾਦ ਦੇ ਸਾਬਕਾ ਜ਼ਿਲ੍ਹਾ ਮੈਜਿਸਟਰੇਟ ਆਰ.ਐੱਨ. ਸ੍ਰੀਵਾਸਤਵ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੱਗੇ ਪੇਸ਼ ਹੋਏ ਅਤੇ ਅਧੀਨ ਧਾਰਾ 313 ਆਪਣੇ ਬਿਆਨ ਮੁਕੰਮਲ ਕੀਤੇ। ਵਿਸ਼ੇਸ਼ ਜੱਜ ਐੱਸ.ਕੇ. ਯਾਦਵ ਸਾਹਮਣੇ ਬਿਆਨ ਕਲਮਬੱਧ ਕਰਦਿਆਂ ਸ੍ਰੀ ਸ੍ਰੀਵਾਸਤਵ ਨੇ ਕਿਹਾ ਕਿ ਉਹ ਨਿਰਦੋਸ਼ ਸਨ ਅਤੇ ਉਨ੍ਹਾਂ ਨੂੰ ਸਿਆਸੀ ਕਾਰਨਾਂ ਕਰ ਕੇ ਗਲਤ ਫਸਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਸੀਬੀਆਈ ਵੱਲੋਂ ਉਨ੍ਹਾਂ ਖ਼ਿਲਾਫ਼ ਪੇਸ਼ ਕੀਤੇ ਗਏ ਸਬੂਤ ਅਤੇ ਗਵਾਹ ਜਾਣਬੁੱਝ ਕੇ ਸਿਆਸੀ ਦਬਾਅ ਹੇਠ ਤਿਆਰ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ 6 ਦਸੰਬਰ, 1992 ਨੂੰ ਜਦੋਂ ਕਾਰ ਸੇਵਕਾਂ ਵੱਲੋਂ ਕਥਿਤ ਤੌਰ ’ਤੇ ਵਿਵਾਦਤ ਢਾਂਚੇ ਨੂੰ ਢਾਹਿਆ ਗਿਆ ਤਾਂ ਉਸ ਵੇਲੇ ਸ੍ਰੀ ਸ੍ਰੀਵਾਸਤਵ ਫ਼ੈਜ਼ਾਬਾਦ ਜੋ ਹੁਣ ਅਯੁੱਧਿਆ ਹੈ, ਦੇ ਡਿਪਟੀ ਕਮਿਸ਼ਨਰ ਸਨ।