ਕਾਰ ਬੇਕਾਬੂ ਹੋ ਕੇ ਦੁਕਾਨ ’ਚ ਵੜੀ, ਤਿੰਨ ਮੌਤਾਂ

ਕੀਰਤਪੁਰ ਸਾਹਿਬ (ਸਮਾਜਵੀਕਲੀ) :  ਕਬਾੜ ਦੀ ਦੁਕਾਨ ਵਿਚ ਬੇਕਾਬੂ ਕਾਰ ਦਾਖ਼ਲ ਹੋਣ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਨਾਬਾਲਗ ਲੜਕੇ ਨੇ ਪੀਜੀਆਈ ਚੰਡੀਗੜ੍ਹ ਪਹੁੰਚਦੇ ਸਾਰ ਦਮ ਤੋੜ ਦਿੱਤਾ। ਹਾਦਸਾ ਸ੍ਰੀ ਕੀਰਤਪੁਰ ਸਾਹਿਬ-ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਇੰਡੀਅਨ ਆਇਲ ਪੈਟਰੋਲ ਪੰਪ ਦੇ ਸਾਹਮਣੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡ ਭਗਵਾਲਾ ’ਚ ਦੁਪਹਿਰ ਬਾਅਦ ਯਸਪਾਲ ਸ਼ਰਮਾ ਦੀ ਦੁਕਾਨ ਵਿਚ ਵਾਪਰਿਆ।

ਮ੍ਰਿਤਕਾਂ ਦੀ ਪਹਿਚਾਣ ਕਬਾੜ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਬੰਟੀ (22) ਪੁੱਤਰ ਪੱਪੂ ਵਾਸੀ ਬੰਗਾਲਾ ਬਸਤੀ ਕੀਰਤਪੁਰ ਸਾਹਿਬ, ਰੇਹੜੀ ਚਾਲਕ ਨਰੇਸ਼ ਕੁਮਾਰ (30) ਪੁੱਤਰ ਸਾਹਿਬ ਰਾਮ ਵਾਸੀ ਮੁਹੱਲਾ ਡੇਰਾ ਬਾਬਾ ਸ੍ਰੀਚੰਦ ਪਿੰਡ ਕਲਿਆਣਪੁਰ (ਕੀਰਤਪੁਰ ਸਾਹਿਬ), ਗੌਤਮ ਕੁਮਾਰ (15) ਪੁੱਤਰ ਸੁਰੇਸ਼ ਕੁਮਾਰ ਵਾਸੀ ਰਾਜਸਥਾਨੀ ਝੁੱਗੀਆਂ ਸ੍ਰੀ ਕੀਰਤਪੁਰ ਸਾਹਿਬ ਵਜੋਂ ਹੋਈ ਹੈ। ਕਾਰ (ਸੀਐੱਚ01ਬੀ ਬੀ 7852) ਸ੍ਰੀ ਆਨੰਦਪੁਰ ਸਾਹਿਬ ਦੀ ਸਾਈਡ ਤੋਂ ਰੋਪੜ ਵੱਲ ਜਾ ਰਹੀ ਸੀ।

ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਨੇ ਦੁਕਾਨ ਅੱਗੇ ਬਣੀ ਲੋਹੇ ਦੀ ਸ਼ੈੱਡ ਨੂੰ  ਵੀ ਡੇਗ ਦਿੱਤਾ। ਥਾਣਾ ਕੀਰਤਪੁਰ ਸਾਹਿਬ ਤੋਂ ਐੱਸਐੱਚਓ ਸੰਨੀ ਖੰਨਾ, ਏਐੱਸਆਈ ਬਲਬੀਰ ਚੰਦ ਪੁਲੀਸ ਪਾਰਟੀ ਸਮੇਤ ਮੌਕੇ ਉਪਰ ਪੁੱਜੇ ਅਤੇ  ਲੋਕਾਂ ਦੀ ਸਹਾਇਤਾ ਨਾਲ ਊਨ੍ਹਾਂ ਸਮਾਨ ਹੇਠਾਂ ਦੱਬੇ ਵਿਅਕਤੀਆਂ ਨੂੰ ਬਾਹਰ ਕੱਢਿਆ। ਮੌਕੇ ’ਤੇ ਪੁੱਜੀ 108 ਨੰਬਰ ਐਂਬੂਲੈਂਸ ਦੇ ਮੁਲਾਜ਼ਮਾਂ ਨੇ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਦੋ ਨੌਜਵਾਨਾਂ ਨੂੰ ਹਸਪਤਾਲ ਲਿਜਾਣ ਤੋਂ ਇਹ ਕਹਿ ਕਿ ਮਨ੍ਹਾ ਕਰ ਦਿੱਤਾ ਕਿ ਊਹ ਮਰ ਚੁੱਕੇ ਹਨ।

ਐੱਸਐੱਚਓ ਨੇ ਕਿਹਾ ਕਿ ਊਹ ਊਨ੍ਹਾਂ ਦੀ ਸ਼ਿਕਾਇਤ ਕਰਨਗੇ। ਊਥੇ ਮੌਜੂਦ ਲੋਕਾਂ ਨੇ ਨਿੱਜੀ ਵਾਹਨਾਂ ਰਾਹੀਂ ਜ਼ਖ਼ਮੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ’ਚ ਪਹੁੰਚਾਇਆ, ਜਿਨ੍ਹਾਂ ’ਚੋਂ ਦੋ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਜਦਕਿ ਤੀਜੇ ਨੂੰ ਮੁੱਢਲੀ ਸਹਾਇਤਾ ਦੇ ਕੇ ਪੀਜੀਆਈ ਰੈਫਰ ਕਰ ਦਿੱਤਾ। ਪੁਲੀਸ ਨੇ ਦੁਕਾਨਦਾਰ ਯਸਪਾਲ ਸ਼ਰਮਾ ਦੇ ਬਿਆਨ ’ਤੇ ਕਾਰ ਚਾਲਕ ਰਵਿੰਦਰ ਸਿੰਘ ਵਾਸੀ ਪਿੰਡ ਪਲਸੌਰਾ (ਚੰਡੀਗੜ੍ਹ) ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Previous articleਕਰੋਨਾ: ਟੀਕੇ ਬਾਰੇ ਚੌਕਸੀ ਵਰਤਣ ਦੀ ਸਲਾਹ
Next articleਪਾਕਿ ਦੇ ਹਿੰਦੂ ਸ਼ਰਨਾਰਥੀਆਂ ਨੂੰ ਮਿਲੇਗੀ ਭਾਰਤੀ ਨਾਗਰਿਕਤਾ: ਸ਼ਾਹ