ਐਸ.ਏ.ਐਸ. ਨਗਰ (ਮੁਹਾਲੀ) : ਪੰਜਾਬ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਮਟੌਰ ਥਾਣੇ ਵਿੱਚ ਦਰਜ ਅਪਰਾਧਿਕ ਕੇਸ ਦੂਜੀ ਅਦਾਲਤ ਵਿੱਚ ਤਬਦੀਲ ਹੋਣ ਮਗਰੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਆਸ ਬੱਝ ਗਈ ਹੈ। ਸੈਣੀ ਖ਼ਿਲਾਫ਼ 29 ਸਾਲ ਪਹਿਲਾਂ ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ ਕਥਿਤ ਘਰੋਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦਾ ਦੋਸ਼ ਹੈ।
ਇਸ ਮਾਮਲੇ ਵਿੱਚ ਚਾਰ ਹੋਰ ਮੁਲਜ਼ਮਾਂ ਹਰ ਸਹਾਏ ਸ਼ਰਮਾ ਵਾਸੀ ਸੈਕਟਰ-51ਡੀ, ਜਗੀਰ ਸਿੰਘ ਵਾਸੀ ਸੈਕਟਰ-51, ਅਨੋਖ ਸਿੰਘ ਵਾਸੀ ਸੈਕਟਰ-21 ਅਤੇ ਕੁਲਦੀਪ ਸਿੰਘ ਸੰਧੂ ਵਾਸੀ ਮਨੀਮਾਜਰਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਹ ਚਾਰੇ ਮੁਲਜ਼ਮ ਯੂਟੀ ਪੁਲੀਸ ’ਚੋਂ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹਨ ਅਤੇ ਚੰਡੀਗੜ੍ਹ ਵਿੱਚ ਤਾਇਨਾਤੀ ਦੌਰਾਨ ਸੁਮੇਧ ਸੈਣੀ ਦੇ ਚਹੇਤੇ ਸਨ।
ਸੈਣੀ ਸਮੇਤ ਸਾਰੇ ਮੁਲਜ਼ਮ ਜ਼ਮਾਨਤ ’ਤੇ ਹਨ। ਅਦਾਲਤ ਨੇ ਸਾਬਕਾ ਡੀਜੀਪੀ ਦੀ ਗ੍ਰਿਫ਼ਤਾਰੀ ’ਤੇ ਸਟੇਅ ਆਰਡਰ ਬਰਕਰਾਰ ਰੱਖੇ ਹੋਏ ਹਨ, ਜਿਸ ਕਾਰਨ ਪੀੜਤ ਪਰਿਵਾਰ ਨੇ ਸੈਣੀ ਪ੍ਰਤੀ ਅਦਾਲਤ ਦਾ ਨਰਮ ਰੁਖ ਦੇਖਦਿਆਂ ਇਹ ਕੇਸ ਦੂਜੀ ਅਦਾਲਤ ਵਿੱਚ ਤਬਦੀਲ ਕਰਨ ਦੀ ਅਪੀਲ ਕੀਤੀ ਸੀ। ਪੁਲੀਸ ਵਿਭਾਗ ਵਿੱਚ ਸੈਣੀ ਦਾ ਰਸੂਖ ਹੋਣ ਕਾਰਨ ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਨਹੀਂ ਤੁਰ ਸਕੀ।
ਪੀੜਤ ਪਰਿਵਾਰ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਕਿਹਾ ਕਿ ਅਜਿਹੇ ਗੰਭੀਰ ਕੇਸਾਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਏਨੀ ਛੇਤੀ ਅਤੇ ਏਨੀ ਵੱਡੀ ਰਾਹਤ ਨਹੀਂ ਦਿੱਤੀ ਜਾ ਸਕਦੀ ਪਰ ਸੈਣੀ ਮਾਮਲੇ ਵਿੱਚ ਅਦਾਲਤ ਦੀ ਧਾਰਨਾ ਸਾਫ਼ ਝਲਕਣ ਲੱਗ ਪਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਦੀ ਜਾਂਚ ਬਹੁਤ ਗੁਪਤ ਹੁੰਦੀ ਹੈ ਪਰ ਇਸ ਕੇਸ ਵਿੱਚ ਜਾਂਚ ਦਾ ਹਰੇਕ ਪਹਿਲੂ ਸੈਣੀ ਕੋਲ ਪਹੁੰਚ ਰਿਹਾ ਸੀ।