ਨਵੀਂ ਦਿੱਲੀ (ਸਮਾਜਵੀਕਲੀ): ਭਾਜਪਾ ਆਗੂ ਅਤੇ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਸਾਦ ਨੇ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ਤੋਂ ਕਮਾਇਆ ਮਾਲੀਆ ਗਰੀਬਾਂ ਦੀਆਂ ਭਲਾਈ ਸਕੀਮਾਂ ਲਈ ਵਰਤਿਆ ਜਾ ਰਿਹਾ ਹੈ, ਨਾ ਕਿ ਕਿਸੇ ‘ਦਾਮਾਦ ਜਾਂ ਰਾਜੀਵ ਗਾਂਧੀ ਫਾਊਂਡੇਸ਼ਨ (ਆਰਜੀਐੱਫ) ਲਈ’।
ਪ੍ਰਧਾਨ ਦਾ ਇਹ ਬਿਆਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਸਰਕਾਰ ’ਤੇ ਤਾਲਾਬੰਦੀ ਦੌਰਾਨ ਤੇਲ ਕੀਮਤਾਂ ਵਿਚ 22 ਵਾਰ ਵਾਧਾ ਕਰਕੇ ਲੋਕਾਂ ਦਾ ਪੈਸਾ ‘ਲੁੱਟਣ’ ਦੇ ਦੋਸ਼ ਲਾਉਂਦਿਆਂ ਵਾਧਾ ਵਾਪਸ ਲੲੇ ਜਾਣ ਦੀ ਮੰਗ ਮਗਰੋਂ ਆਇਆ ਹੈ। ਜਵਾਬੀ ਹਮਲਾ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਗਾਂਧੀ ਨੂੰ ਭੁੱਲ ਗਿਆ ਜਾਪਦਾ ਹੈ ਕਿ ਪੰਜਾਬ, ਰਾਜਸਥਾਨ, ਮਹਾਰਾਸ਼ਟਰ ਅਤੇ ਝਾਰਖੰਡ ਜਿਹੇ ਸੂਬਿਆਂ, ਜਿੱਥੇ ਕਾਂਗਰਸ ਜਾਂ ਊਸ ਦੇ ਭਾਈਵਾਲ ਸੱਤਾ ਵਿੱਚ ਹਨ, ਵਿੱਚ ਵੀ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਵਧਾ ਕੇ ਲੋਕਾਂ ’ਤੇ ਬੋਝ ਪਾਇਆ ਗਿਆ ਹੈ।
ਊਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਨੂੰ ਸਿਆਸਤ ਕਰਨ ਦੀ ਬਜਾਏ ਇਨ੍ਹਾਂ ਸੂਬਿਆਂ ਤੋਂ ਤੱਥਾਂ ’ਤੇ ਆਧਾਰਿਤ ਜਾਣਕਾਰੀ ਮੰਗਵਾਊਣੀ ਚਾਹੀਦੀ ਹੈ। ਊਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਿਆਂ ਵਲੋਂ ਪੈਸੇ ਦੀ ਵਰਤੋਂ ਕੋਵਿਡ-19 ਮਹਾਮਾਰੀ ਸਬੰਧੀ ਚੁਣੌਤੀਆਂ ਨਾਲ ਨਜਿੱਠਣ ਲਈ ਕੀਤੀ ਜਾ ਰਹੀ ਹੈ। ਪ੍ਰਧਾਨ ਨੇ ਕਿਹਾ, ‘‘ਪੈਟਰੋਲ ਅਤੇ ਡੀਜ਼ਲ ਤੋਂ ਕਮਾਇਆ ਟੈਕਸ ਸਿਹਤ-ਸੰਭਾਲ, ਰੁਜ਼ਗਾਰ ਅਤੇ ਲੋਕਾਂ ਨੂੰ ਵਿੱਤੀ ਸੁਰੱਖਿਆ ਦੇਣ ’ਤੇ ਖਰਚਿਆ ਜਾ ਰਿਹਾ ਹੈ। ਭਾਜਪਾ ਸਰਕਾਰ ਵਲੋਂ ਲੋਕਾਂ ਦਾ ਪੈਸਾ ਗਰੀਬਾਂ ਦੀਆਂ ਭਲਾਈ ਸਕੀਮਾਂ ’ਤੇ ਸਿੱਧੇ ਲਾਭ ਵਜੋਂ ਦਿੱਤਾ ਜਾ ਰਿਹਾ ਹੈ। ਇਹ ਕਾਂਗਰਸ ਵਾਂਗ ਨਹੀਂ ਹੈ, ਜਿਸ ਵਲੋਂ ਮਾਲੀਏ ਦੀ ਵਰਤੋਂ ਆਪਣੇ ਦਾਮਾਦ ਅਤੇ ਰਾਜੀਵ ਗਾਂਧੀ ਫਾਊਂਡੇਸ਼ਨ ਲਈ ਕੀਤੀ ਜਾਵੇਗੀ।’’