(ਸਮਾਜ ਵੀਕਲੀ)
* ਹਰਮੇਸ਼ ਲਾਲ ਜੱਸਲ *
ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸੀ੍ ਆਰ. ਸੀ. ਸੰਗਰ ਜੀ 27 ਜੂਨ 2020 ਨੂੰ ਕੁੱਝ ਦਿਨਾਂ ਦੀ ਬਿਮਾਰੀ ਤੋਂ ਬਾਅਦ ਪੀ੍ਨਿਵਾਣ ਪਾ੍ਪਤ ਕਰ ਗਏ ਹਨ | ਉਨਾਂ ਦਾ ਸਦੀਵੀ ਵਿਛੋੜਾ ਦੇ ਜਾਣਾ , ਅੰਬੇਡਕਰ ਅਤੇ ਬੋਧੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ| ਉਨਾਂ ਦੇ ਚਲੇ ਜਾਣ ਨਾਲ ਦੇਸ਼ ਭਰ ਵਿਚ ਸ਼ੋਕ ਦੀ ਲਹਿਰ ਪਸਰ ਗਈ ਹੈ | ਉਹ ਬਹੁਤ ਉੱਚ ਕੋਟੀ ਦੀ ਸਖਸ਼ੀਅਤ ਸਨ| ਉਹ ਜੀਵਨਭਰ ਹਰ ਢੰਗ ਨਾਲ ਅੰਬੇਡਕਰ ਅਤੇ ਬੁੱਧਿਸਟ ਮੂਵਮੈਂਟ ਨੂੰ ਅੱਗੇ ਲੇ ਕੇ ਜਾਣ ਲਈ ਹਮੇਸ਼ਾ ਸੰਘਰਸਸ਼ੀਲ ਰਹੇ| 1974 ਤੋਂ ਮੈਂਨੂੰ ਉਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ| ਉਹ ਸਾਡੇ ਤੋਂ ਬਹੁਤ ਪਹਿਲਾਂ ਤੰਨਦੇਹੀ ਨਾਲ ਇਸ ਲਹਿਰ ਨਾਲ ਜੁੜੇ ਹੋਏ ਸਨ| ਉਹ 1968 ਵਿਚ ਅੰਬੇਡਕਰ ਮਿਸ਼ਨ ਸੁਸਾਇਟੀ ਦਾ ਗਠਨ ਕਰਨ ਵਾਲਿਆਂ ਵਿਚੋ ਪਰਮੁੱਖ ਸਨ| ਉਹ ਇਕ ਗੰਭੀਰ ਬੁੱਧੀਜੀਵੀ, ਲੇਖਕ, ਪੱਤ੍ਕਾਰ, ਪ੍ਭਾਵਸ਼ਾਲੀ ਬੁਲਾਰੇ, ਲਗਨਵਾਨ, ਮਿਲਣਸਾਰ, ਇਮਾਨਦਾਰ, ਸ਼ਰਧਾਵਾਨ ਅੰਬੇਡਕਰੀ ਅਤੇ ਬੋਧੀ ਸਨ|
ਹਰ ਸਮੇਂ ਸਮਾਜ ਦੀ ਬੇਹਤਰੀ ਲਈ ਕਾਰਜਸ਼ੀਲ ਰਹਿੰਦੇ ਸਨ ਖਾਸ ਕਰਕੇ ਬਾਲਮੀਕੀ ਸਮਾਜ ਦੀ ਉੱਨਤੀ ਲਈ ਉਹ ਚਿੰਤਾਤੁਰ ਰਹਿੰਦੇ ਸਨ| ਉਨਾਂ ਨੇ ਇਸ ਵਰਗ ਦੇ ਲੋਕਾਂ ਨੂੰ ਸਿੱਖਿਅਤ ਕਰਨ, ਸੰਗਠਿਤ ਕਰਨ ਅਤੇ ਸੰਘਰਸ਼ ਵੱਲ ਤੋਰਨ ਲਈ ਉਚੇਚਾ ਧਿਆਨ ਦਿੱਤਾ| ਇਸੇ ਕਰਕੇ ਉਨਾਂ ਨੇ ਵਲੱਟਰਲੀ ਰਿਟਾਇਰਮੈਂਟ ਲੈ ਕੇ ਇਨਾਂ ਲੋਕਾਂ ਲਈ ਪੂਰਾ ਸਮਾਂ ਕੰਮ ਕਰਨ ਦੀ ਯੋਜਨਾ ਬਣਾਈ ਅਤੇ ਮਿਊਸਪਲ ਕਾਰਪੋਰੇਸ਼ਨ ਸਫ਼ਾਈ ਕਰਮਚਾਰੀ ਯੂਨੀਅਨ ਵਿਚ ਕੰਮ ਕੀਤਾ| ਲੋਕਾਂ ਵਿਚ ਜਾਗਰਿਤੀ ਪੈਦਾ ਕਰਨ ਲਈ …ਜਾਗੋ ਅਤੇ ਜਾਗਦੇ ਰਹੋ…ਨਾਮਕ ਅਖਬਾਰ ਵੀ ਕੱਢਿਆ| ਉਨਾਂ ਨੇ ਕਿਹੋ ਜਿਹੇ ਹਾਲਾਤਾਂ ਵਿਚ , ਆਪਣੇ ਲੋਕਾਂ ਨੂੰ ਜਗਾਉਣ ਦਾ ਕੰਮ ਕੀਤਾ , ਇਸ ਸਬੰਧੀ ਇਕ ਦਿਲਚਸਪ ਵਾਕਿਆ , ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ| ਸ਼ਾਇਦ ਇਹ 1975 ਦੇ ਆਸਪਾਸ ਦੀ ਗੱਲ ਹੈ | ਇਕ ਰਾਤ ਸੰਗਰਾਂ ਮੁਹੱਲੇ ਸੀ੍ ਭਗਵਾਨ ਦਾਸ ਅੈਡਵੋਕੇਟ ਨਵੀਂ ਦਿੱਲੀ ਦਾ ਭਾਸ਼ਣ ਸੀ |ਗਰਮੀਆਂ ਦੇ ਦਿਨ ਸਨ| ਇਕ ਖੁੱਲੀ ਜਿਹੀ ਥਾਂ ਵਿਚ ਜਲਸਾ ਹੋ ਰਿਹਾ ਸੀ| ਕੋਈ 50 ਕੁ ਬੁੜੀਆਂ ਬੰਦੇ ਬੈਠੇ ਹੋਣਗੇ| ਭਗਵਾਨ ਦਾਸ ਲੈਕਚਰ ਕਰ ਰਹੇ ਸਨ ਅਤੇ ਮੈਂ ਉਨਾਂ ਦਾ ਭਾਸ਼ਣ ਰਿਕਾਰਡ ਕਰ ਰਿਹਾ ਸੀ| ਚਲਦੇ ਭਾਸ਼ਣ ਵਿਚ ਇਕ ਖੋਤਾ ਜੋਰ ਜੋਰ ਦੀ ਹੀਗਣ ਲੱਗ ਪਿਆ, ਮਜ਼ਬੂਰਨ ਦਾਸ ਸਾਹਿਬ ਨੂੰ ਓਨੀ ਦੇਰ ਆਪਣਾ ਭਾਸ਼ਣ ਬੰਦ ਕਰਨਾ ਪਿਆ, ਜਿਨੀ ਦੇਰ ਖੋਤਾ ਹੀਂਗਦਾ ਰਿਹਾ| ਖੋਤਾ ਚੁੱਪ ਹੋਇਆ ਤਾਂ ਦੋਬਾਰਾ ਭਾਸ਼ਣ ਸ਼ੁਰੂ ਹੋਇਆ|
ਉਹ, ਸ਼ੁਰੂ ਤੋਂ ਹੀ ਬਾਮਸੇਫ਼ ਦੇ ਅਨੇਕਾਂ ਵਿੰਗਾਂ ਨਾਲ ਜੁੜੇ ਰਹੇ| ਅੱਜ ਕੱਲ ਉਹ ਮੇਸ਼ਰਾਮ ਜੀ ਨਾਲ ਕੰਮ ਕਰ ਰਹੇ ਸਨ| ਪਰ ਉਨਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਹਮੇਸ਼ਾ ਅੰਬੇਡਕਰ ਭਵਨ ਜਲੰਧਰ ਹੀ ਰਿਹਾ| ਅੱਜ ਕੱਲ ਉਹ ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਦੇ ਔਹਦੇ ਉਪਰ ਕਾਰਜਰਤ ਸਨ| ਮੇਰਾ ਉਨਾਂ ਨਾਲ ਖਾਸ ਲਗਾਓ ਸੀ, ਉਸਦਾ ਕਾਰਨ ਸੀ ਕਿ ਬਹੁਤ ਸਾਰੇ ਮਸਲਿਆਂ ਉਪਰ ਉਨਾਂ ਨਾਲ ਵਿਚਾਰ ਵਿਟਾਦਰਾਂ ਹੁੰਦਾ ਰਹਿੰਦਾ ਸੀ| ਉਨਾਂ ਨੂੰ ਅੰਬੇਡਕਰੀ ਸਾਹਿਤ ਦੇ ਨਾਲ ਨਾਲ, ਵੇਦਾਂ, ਬਾਲਮੀਕੀ ਰਮਾਇਣ ਅਤੇ ਯੋਗ ਵਿਸ਼ਿਸ਼ਟ ਦੀ ਕਾਫ਼ੀ ਡੂੰਘੀ ਜਾਣਕਾਰੀ ਸੀ ਅਤੇ ਇਸੇ ਕਰਕੇ ਪੜੇ ਲਿਖੇ ਬਾਲਮੀਕੀ ਨੌਜੁਆਨਾਂ ਵਿਚ ਉਨਾਂ ਦਾ ਕਾਫ਼ੀ ਪ੍ਭਾਵ ਸੀ ਅਤੇ ਬਹੁਤ ਸਾਰੇ ਨੌਜੁਆਨਾਂ ਨੂੰ ਉਨਾਂ ਅੰਬੇਡਕਰ ਲਹਿਰ ਨਾਲ ਜੋੜਿਆ ਸੀ| ਮੇਰਾ ਖਿਆਲ ਹੈ ਕਿ ਸੀ੍ ਭਾਗਮੱਲ ਪਾਗਲ ਤੋਂ ਬਾਦ ਸੰਗਰ ਸਾਹਿਬ ਹੀ ਅਜਿਹੇ ਵਿਅੱਕਤੀ ਹਨ ਜਿਹੜੇ ਜੀਵਨ ਭਰ ਨਾ ਸਿਰਫ਼ ਖੁੱਦ ਬਲਕਿ ਆਪਣੇ ਪਰੀਵਾਰ ਅਤੇ ਅਾਪਣੇ ਭਾਈਚਾਰੇ ਨੂੰ ਅੰਬੇਡਕਰ ਦੇ ਰਾਹ ਉੱਤੇ ਤੋਰਨ ਵਾਲੇ ਬੇਮਿਸਾਲ ਵਿਅੱਕਤੀ ਹਨ, ਜਿਨਾਂ ਦੇ ਤੁਰ ਜਾਣ ਨਾਲ ਸਾਨੂੰ ਸਾਰਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ| ਡਾ. ਇਕਬਾਲ ਦੇ ਕਹਿਣ ਵਾਂਗੂੰ ਇਹੋ ਜਿਹੇ ਵਿਅੱਕਤੀ ਰੋਜ ਰੋਜ ਪੈਦਾ ਨਹੀਂ ਹੁੰਦੇ…
ਹਜ਼ਾਰੋ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇ ਦੀਦਾਵਰ ਪੈਦਾ ||