ਮੁੰਬਈ, (ਸਮਾਜਵੀਕਲੀ) : 1993 ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਕੇਸ ’ਚ ਦੋਸ਼ੀ ਤੇ ਇਸੇ ਕੇਸ ’ਚ ਭਗੌੜੇ ਦੋਸ਼ੀ ਟਾਈਗਰ ਮੈਮਨ ਦੇ ਭਰਾ ਯੂਸੁਫ਼ ਮੈਮਨ ਦੀ ਅੱਜ ਮਹਾਰਾਸ਼ਟਰ ਦੀ ਨਾਸਿਕ ਜੇਲ੍ਹ ਵਿੱਚ ਮੌਤ ਹੋ ਗਈ।
ਜੇਲ੍ਹ ਅਧਿਕਾਰੀ ਨੇ ਕਿਹਾ ਕਿ ਯੂਸਫ਼ ਮੈਮਨ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਕੁਝ ਵੀ ਸਪਸ਼ਟ ਨਹੀਂ ਤੇ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਧੁਲੇ ਭੇਜ ਦਿੱਤਾ ਗਿਆ ਹੈ। ਨਾਸਿਕ ਦੇ ਪੁਲੀਸ ਕਮਿਸ਼ਨਰ ਵਿਸ਼ਵਾਸ ਨਾਂਗਰੇ ਪਾਟਿਲ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਮੁੰਬਈ ਲੜੀਵਾਰ ਬੰਬ ਧਮਾਕਿਆਂ ਦੀ ਸਾਜ਼ਿਸ਼ ਟਾਈਗਰ ਮੈਮਨ ਨੇ ਭਗੌੜੇ ਗੈਂਗਸਟਰ ਦਾਊਦ ਇਬਰਾਹਿਮ ਨਾਲ ਮਿਲ ਕੇ ਘੜੀ ਸੀ ਜਦੋਂਕਿ ਯੂਸਫ਼ ’ਤੇ ਦੋਸ਼ ਸੀ ਕਿ ਉਸ ਨੇ ਮੁੁੰਬਈ ਦੀ ਅਲ-ਹੁਸੈਨੀ ਇਮਾਰਤ ਸਥਿਤ ਆਪਣਾ ਫਲੈਟ ਤੇ ਗੈਰਾਜ ਦਹਿਸ਼ਤੀ ਸਰਗਰਮੀਆਂ ਲਈ ਦਿੱਤਾ ਸੀ।