ਕਰੋਨਾ: ਰਿਕਾਰਡ 17296 ਨਵੇਂ ਕੇਸ, ਕੁੱਲ ਕੇਸਾਂ ਦੀ ਗਿਣਤੀ ਪੰਜ ਲੱਖ ਨੇੜੇ ਢੁੱਕੀ

ਨਵੀਂ ਦਿੱਲੀ (ਸਮਾਜਵੀਕਲੀ) :  ਸ਼ੁੱਕਰਵਾਰ ਨੂੰ ਦੇਸ਼ ਵਿਚ ਕੋਵਿਡ-19 ਦੇ ਨਵੇਂ ਕੇਸ 17,000 ਨੂੰ ਪਾਰ ਕਰ ਗਏ, ਜੋ ਹੁਣ ਤੱਕ ਇਕ ਦਿਨ ਵਿੱਚ ਸਭ ਤੋਂ ਵੱਧ ਮਾਮਲੇ ਹਨ। ਇਸ ਦੇ ਨਾਲ ਹੀ ਕਰੋਨਾ ਪੀੜਤਾਂ ਦੀ ਗਿਣਤੀ 4,90,401 ਤੱਕ ਪਹੁੰਚ ਗਈ ਜਦੋਂ ਕਿ ਬੀਤੇ ਚੌਵੀ ਘੰਟਿਆਂ ਦੌਰਾਨ 407 ਹੋਰ ਮੌਤਾਂ ਨਾਲ ਕੁੱਲ ਮੌਤਾਂ ਦਾ ਅੰਕੜਾ 15,301 ਤੱਕ ਪਹੁੰਚ ਗਿਅਾ ਹੈ।

ਕੁੱਲ ਕੇਸਾਂ ਵਿੱਚ 50 ਫੀਸਦ ਤੋਂ ਵੱਧ ਦਸ ਸ਼ਹਿਰਾਂ ਤੇ ਜ਼ਿਲ੍ਹਿਆਂ ਤੋਂ ਰਿਪੋਰਟ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇੱਕ ਦਿਨ ਵਿੱਚ ਸਭ ਤੋਂ ਵੱਧ 17,296 ਕਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਊਂਜ ਅੱਜ ਲਗਾਤਾਰ ਸੱਤਵਾਂ ਦਿਨ ਹੈ ਜਦੋਂ 14000 ਤੋਂ ਵੱਧ ਕੇਸਾਂ ਤੋਂ ਪਰਦਾ ਚੁੱਕਿਆ ਗਿਆ ਹੈ।

ਸਰਗਰਮ ਕੇਸਾਂ ਦੀ ਗਿਣਤੀ 1,89,463 ਹੈ ਜਦੋਂਕਿ ਪਿਛਲੇ 24 ਘੰਟਿਆਂ ’ਚ 13940 ਮਰੀਜ਼ਾਂ ਦੇ ਠੀਕ ਹੋਣ ਨਾਲ ਹੁਣ ਤਕ 2,85,636 ਵਿਅਕਤੀ ਲਾਗ ਤੋਂ ਉੱਭਰਨ ਵਿੱਚ ਸਫ਼ਲ ਰਹੇ ਹਨ। ਸਿਹਤਯਾਬ ਹੋਣ ਵਾਲਿਆਂ ਦੀ ਦਰ 58.24 ਫੀਸਦ ਹੋ ਗਈ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਦਿੱਲੀ, ਚੇਨੱਈ, ਠਾਣੇ, ਮੁੰਬਈ, ਪਾਲਗੜ੍ਹ, ਪੁਣੇ, ਹੈਦਰਾਬਾਦ, ਰੰਗਾ ਰੈੱਡੀ, ਅਹਿਮਦਾਬਾਦ ਤੇ ਫ਼ਰੀਦਾਬਾਦ ਉਨ੍ਹਾਂ 10 ਜ਼ਿਲ੍ਹਿਆਂ ਤੇ ਸ਼ਹਿਰਾਂ ਵਿੱਚ ਸ਼ੁਮਾਰ ਹਨ, ਜਿੱਥੇ 19 ਜੂਨ ਤੋਂ 25 ਜੂਨ ਦਰਮਿਆਨ ਰਿਪੋਰਟ ਹੋਏ ਕੇਸ, ਕੁੱਲ ਕੇਸਾਂ ਦਾ 54.47 ਫੀਸਦ ਬਣਦੇ ਹਨ। ਪਹਿਲੀ ਜੂਨ ਤੋਂ ਅੱਜ ਤਕ ਕਰੋਨਾ ਪੀੜਤਾਂ ਦੀ ਗਿਣਤੀ ਵਿੱਚ 2,99,866 ਕੇਸਾਂ ਦਾ ਇਜ਼ਾਫਾ ਹੋਇਆ ਹੈ। ਇਸ ਅਰਸੇ ਦੌਰਾਨ 96,173 ਲੋਕ ਸਿਹਤਯਾਬ ਹੋਏ।

Previous articleAmartya Sen, Chomsky applaud Kerala’s Covid-19 battle
Next articleMamata wants to stop international flights to Kolkata