ਤੇਰਾ ਚੇਤਾ ਆਉਂਦਾ ਏ

(ਸਮਾਜਵੀਕਲੀ)

ਜਦ ਕਿਧਰੇ ਵੀ ਫ਼ੁੱਲ ਖਿੜ‌ਦੇ ਨੇ,
ਤੇਰਾ ਚੇਤਾ ਆਉਂਦਾ ਏ,
ਕਿਧਰੇ ਰੂਪ ਦਾ ਚਰਚਾ ਛਿੜਦੈ,
ਤੇਰਾ ਚੇਤਾ ਆਉਂਦਾ ਏ।
ਜਦ ਬਾਗੀਂ ਕੋਇਲਾਂ ਕੂਕਦੀਆਂ,
ਤੇਰੀ ਹੂਕ ਸੁਣਾਈ ਦੇਂਦੀ ਏ,
ਜਦ ਅੰਬਰਾਂ ਤੇ ਚੰਨ ਚੜ੍ਹਦੈ,
ਸੱਚੀਂ ਤੇਰਾ ਚੇਤਾ ਆਉਂਦਾ ਏ।
ਜਦ ਮੋਰ ਪਪੀਹੇ ਘੁੰਮ-ਘੁੰਮ ਕੇ,
ਮਸਤੀ ਵਿੱਚ ਪੈਲਾਂ ਪਾਉਂਦੇ ਨੇ,
ਮੇਰਾ ਨੱਚਣ ਨੂੰ ਦਿਲ ਕਰਦੈ,
ਬੱਸ ਫ਼ਿਰ ਤੇਰਾ ਚੇਤਾ ਆਉਂਦਾ ਏ।
ਚੰਨ ਬੱਦਲਾਂ ‘ਚੋਂ ਜਦ  ਹੱਸਦਾ ਏ,
ਉਹ ਤੇਰੇ ਵਰਗਾ ਲੱਗਦਾ ਏ,
ਜਦ ਜੁਗਨੂੰ ਜਗ-ਮਗ ਕਰਦੇ ਨੇ,
 ਮੈਨੂੰ ਤੇਰਾ ਚੇਤਾ ਆਉਂਦਾ ਏ।
ਜਦ ਕੁੜੀਆਂ ਪੀਂਘਾਂ ਝੂਟਦੀਆਂ,
ਰੁੱਖ ਨਾਲ਼ ਹੁਲਾਰੇ ਲੈਂਦੇ ਨੇ,
ਤੱਕ ਮੌਸਮ ਨਖ਼ਰੇ ਕਰਦੇ ਨੂੰ,
ਮੈਨੂੰ ਤੇਰਾ ਚੇਤਾ ਆਉਂਦਾ ਏ।
ਰੂਹ ਦੀ ਪਿਆਸ ਬੁਝਾਉਣ ਲਈ,
ਕੋਈ ਯਾਰ ਨੂੰ ਜਦੋਂ ਧਿਆਉਂਦਾ ਏ,
ਉਹ ਯਾਦ ਖ਼ੁਦਾ ਨੂੰ ਕਰਦਾ ਏ,
ਫ਼ਿਰ ਤੇਰਾ ਚੇਤਾ ਆਉਂਦਾ ਏ।
ਕੋਈ ਚੇਤੇ ਕਰ ਮਹਿਬੂਬਾ ਨੂੰ,
ਬਿਰਖਾਂ ਨਾਲ ਗੱਲਾਂ ਕਰਦਾ ਏ,
ਤੇ ਗੀਤ ਨਵੇਂ ਨਿੱਤ ਘੜਦਾ ਏ,
ਮੈਨੂੰ ਤੇਰਾ ਚੇਤਾ ਆਉਂਦਾ ਏ।
ਭੁੱਲ ਜਾਨਾਂ ਖ਼ੁਦ ‘ਮਲਕੀਤ’ ਨੂੰ ਮੈਂ,
 ਚੇਤਾ ਜਦ ਤੇਰਾ ਆਉਂਦਾ ਏ,
“ਮਲਕੀਤ ਮੀਤ” ਫ਼ਿਰ ਹੋ ਜਾਂਦੈ
ਤੂੰ ਪਲ-ਪਲ ਚੇਤੇ ਆਉਂਦਾਂ ਏ!
ਮਲਕੀਤ ਮੀਤ
Previous articleਡਿਪਰੈਸ਼ਨ ਅਤੇ ਕਰੋਨਾ ਵਾਇਰਸ
Next articleਤਾਲਾਬੰਦੀ ਦੌਰਾਨ ਅੰਮ੍ਰਿਤਸਰ ਹਵਾਈ ਅੱਡਾ ਯਾਤਰੂਆਂ ਦੀ ਗਿਣਤੀ ਵਿਚ ਤੀਜੇ ਸਥਾਨ ‘ਤੇ