ਮਾਸਕੋ (ਸਮਾਜਵੀਕਲੀ): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਤੇ ਰੂਸ ਵਿਚਾਲੇ ਰਿਸ਼ਤੇ ਬਹੁਤ ਅਹਿਮ ਤੇ ਕੂਟਨੀਤਕ ਭਾਈਵਾਲੀ ਵਾਲੇ ਹਨ ਅਤੇ ਦੋਵਾਂ ਮੁਲਕਾਂ ਵਿਚਾਲੇ ਕੀਤੇ ਗਏ ਫੌਜੀ ਸਮਝੌਤੇ ਨਾ ਸਿਰਫ਼ ਪੂਰੇ ਕੀਤੇ ਜਾਣਗੇ ਬਲਕਿ ਇਨ੍ਹਾਂ ਨੂੰ ਅੱਗੇ ਵੀ ਵਧਾਇਆ ਜਾਵੇਗਾ।
ਰਾਜਨਾਥ ਸਿੰਘ ਨੇ ਕਿਹਾ, ‘ਇਹ ਸਾਡੀ ਖਾਸ ਦੋਸਤੀ ਦੀ ਨਿਸ਼ਾਨੀ ਹੈ ਕਿ ਮਹਾਮਾਰੀ ਦੇ ਮੁਸ਼ਕਲ ਦੌਰ ’ਚ ਵੀ ਸਾਡੇ ਦੁਵੱਲੇ ਸਬੰਧ ਉੱਚੇ ਪੱਧਰ ’ਤੇ ਪਹੁੰਚ ਰਹੇ ਹਨ।’ ਉਨ੍ਹਾਂ ਕਿਹਾ, ‘ਭਾਰਤ ਤੇ ਰੂਸ ਦੇ ਰਿਸ਼ਤੇ ਖਾਸ ਤੇ ਅਹਿਮ ਭਾਈਚਾਰੇ ਵਾਲੇ ਹਨ ਤੇ ਸਾਡੇ ਰੱਖਿਆ ਰਿਸ਼ਤੇ ਸਾਡੇ ਸਭ ਤੋਂ ਮਜ਼ਬੂਤ ਥੰਮਾਂ ’ਚੋਂ ਇੱਕ ਹਨ।’
ਰੱਖਿਆ ਮੰਤਰੀ ਨੇ ਰੂਸ ਦੇ ਉੱਪ ਮੁੱਖ ਮੰਤਰੀ ਯੂਰੀ ਬੋਰੀਸੋਵ ਨਾਲ ਦੁਵੱਲੇ ਰਿਸ਼ਤਿਆਂ ਬਾਰੇ ਗੱਲਬਾਤ ਵੀ ਕੀਤੀ। ਇਸੇ ਦੌਰਾਨ ਚੀਨੀ ਮੀਡੀਆ ਵੱਲੋਂ ਰਾਜਨਾਥ ਸਿੰਘ ਤੇ ਚੀਨੀ ਰੱਖਿਆ ਮੰਤਰੀ ਜਨਰਲ ਵੇਈ ਫੇਂਗੇ ਵਿਚਾਲੇ ਮੁਲਾਕਾਤ ਦੀਆਂ ਸੰਭਾਵਨਾਵਾਂ ਨੂੰ ਭਾਰਤੀ ਰੱਖਿਆ ਮੰਤਰਾਲੇ ਨੇ ਮੁੱਢੋਂ ਖਾਰਜ ਕਰ ਦਿੱਤਾ ਹੈ।