ਫਗਵਾੜਾ,(ਸਮਾਜ ਵੀਕਲੀ)- ਪੰਜਾਬ ਬੁਧਿਸਟ ਸੁਸਾਇਟੀ ਦੇ ਆਗੂਆਂ ਐਡਵੋਕੇਟ ਹਰਭਜਨ ਸਾਂਪਲਾ ,ਧਨੀ ਰਾਮ ਬੋਧ, ਸੰਨੀ, ਅਸ਼ਵਨੀ ਕੁਮਾਰ, ਸਟੀਫਨ ਕੁਮਾਰ, ਸੰਜੂ ਹੀਰ, ਬੰਤ ਸਿੰਘ, ਵਿਸ਼ਾਲ ਕੁਮਾਰ, ਹਰੀਓਮ, ਬਲਜਿੰਦਰ ਰਾਮ, ਸਤੀਸ਼ ਹੀਰ , ਦਵਿੰਦਰ ਕੁਮਾਰ, ਸੁਰਿੰਦਰ ਕੁਮਾਰ, ਕੇ ਐਸ ਨੂਰ, ਸਰਪੰਚ ਰਜਿੰਦਰ ਸਿੰਘ ਫ਼ੌਜੀ, ਦੀਪੂ, ਨੈਨਦੀਪ ਤੇ ਹੋਰ ਆਗੂਆਂ ਨੇ ਜਲੰਧਰ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁਧਿਸਟ ਇੰਟਰਨੈਸ਼ਨਲ ਨੈੱਟਵਰਕ ਫਗਵਾੜਾ ਵੱਲੋਂ ਸੰਘ ਮਿਤਰਾ ਬੁੱਧ ਵਿਹਾਰ ਫਗਵਾੜਾ ਵਿਖੇ ਬੋਧੀਆਂ ਵੱਲੋਂ ਧਰਨਾ ਅਤੇ ਮੁਜ਼ਾਹਰਾ ਕੀਤਾ ਗਿਆ।
ਇਸ ਧਰਨੇ ਤੇ ਮੁਜ਼ਾਹਰੇ ਵਿੱਚ ਫਗਵਾੜਾ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਦੇ ਬੋਧੀਆਂ ਨੇ ਹਿੱਸਾ ਲਿਆ। ਮੁਜ਼ਾਹਰਾ ਕਾਰੀਆਂ ਨੇ ਐੱਸ. ਡੀ. ਐੱਮ. ਫਗਵਾੜਾ ਰਾਹੀਂ ਦੇਸ਼ ਦੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜਿਆ। ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਅਯੁੱਧਿਆ (ਉੱਤਰ ਪ੍ਰਦੇਸ਼) ਵਿੱਚ ਜੋ ਬੁੱਧ ਦੇ ਅਵਸ਼ੇਸ਼, ਬੁੱਧ ਦੇ ਸਤੁਪ, ਬੁੱਧ ਦੇ ਬੁੱਤ, ਬੁੱਧ ਬਿਹਾਰ, ਅਸ਼ੋਕ ਚੱਕਰ, ਅਤੇ ਬੁੱਧ ਨਾਲ ਸਬੰਧਤ ਇਤਿਹਾਸਕ ਚੀਜ਼ਾਂ ਨੂੰ ਨਸ਼ਟ ਹੋਣ ਤੋਂ ਬਚਾਇਆ ਜਾਵੇ। ਇਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਉਹ ਪੁਰਾਤਨ ਵਿਭਾਗ ਭਾਰਤ ਸਰਕਾਰ ਨੂੰ ਹਦਾਇਤ ਕਰਨ ਕਿ ਇਤਿਹਾਸਕ ਵਸਤਾਂ ਨੂੰ ਪੁਰਾਣੇ ਮੋਨੂਮੈਂਟਸ ਦੀ ਸੰਭਾਲ ਕਾਨੂੰਨ 1958 ਸੈਕਸ਼ਨ 30 ਦੇ ਤਹਿਤ ਸਾਂਭਿਆ ਜਾਵੇ।