ਭਾਰਤ ਤੇ ਚੀਨ ਪਿੱਛੇ ਹਟਣ ਲਈ ਸਹਿਮਤ

ਨਵੀਂ ਦਿੱਲੀ (ਸਮਾਜਵੀਕਲੀ):  ਭਾਰਤ ਅਤੇ ਚੀਨ ਦੇ ਫੌਜੀ ਕਮਾਂਡਰਾਂ ਦਰਮਿਆਨ ਬੀਤੇ ਦਿਨ ਹੋਈ ਮੀਟਿੰਗ ਦੌਰਾਨ ਦੋਵਾਂ ਮੁਲਕਾਂ ਦੀਆਂ ਫੌਜਾਂ ਪੂਰਬੀ ਲੱਦਾਖ ਵਿੱਚ ਤਲਖ਼ੀ ਵਾਲੇ ਖੇਤਰਾਂ ਵਿੱਚੋੋਂ ਪਿੱਛੇ ਹਟਣ ’ਤੇ ਸਹਿਮਤ ਹੋ ਗਈਆਂ ਹਨ। ਅਧਿਕਾਰਤ ਸੂਤਰਾਂ ਨੇ ਕਿਹਾ 11 ਘੰਟਿਆਂ ਦੇ ਕਰੀਬ ਚੱਲੀ ਗੱਲਬਾਤ ‘ਸੁਹਿਰਦ, ਸਕਾਰਾਤਮਕ ਅਤੇ ਉਸਾਰੂ ਮਾਹੌਲ’ ਵਿੱਚ ਹੋਈ ਤੇ ਇਸ ਦੌਰਾਨ ਫੈਸਲਾ ਹੋਇਆ ਕਿ ਦੋਵੇਂ ਧਿਰਾਂ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਸਾਰੇ ਟਿਕਾਣਿਆਂ ਤੋਂ ਪਿੱਛੇ ਹਟਣ ਦੇ ਤੌਰ ਤਰੀਕਿਆਂ ਨੂੰ ਅਮਲੀ ਰੂਪ ਦੇਣਗੀਆਂ।

ਸੋਮਵਾਰ ਨੂੰ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਤਿੱਬਤ ਮਿਲਟਰੀ ਜ਼ਿਲ੍ਹਾ ਕਮਾਂਡਰ ਮੇਜਰ ਜਨਰਲ ਲੂ ਲਿਨ ਨੇ ਪਿਛਲੇ ਹਫਤੇ ਭਾਰਤ ਅਤੇ ਚੀਨੀ ਫੌਜ ਵਿਚਾਲੇ ਗਲਵਾਨ ਵਾਦੀ ਵਿਚ ਹੋਈ ਹਿੰਸਕ ਝੜਪ ਮਗਰੋਂ ਤਣਾਅ ਘੱਟ ਕਰਨ ਦੇ ਉਦੇਸ਼ ਨਾਲ ਤਕਰੀਬਨ 11 ਘੰਟਿਆਂ ਤਕ ਗੱਲਬਾਤ ਕੀਤੀ ਸੀ। ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ‘ਟਕਰਾਅ ਤੋਂ ਪਿੱਛੇ ਹਟਣ ਲਈ ਆਪਸੀ ਸਮਝੌਤਾ ਹੋਇਆ ਹੈ।’

ਉਧਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਪੇਈਚਿੰਗ ਵਿੱਚ ਕਿਹਾ ਕਿ ਦੋਵੇਂ ਧਿਰਾਂ ਬਕਾਇਆ ਮੁੱਦਿਆਂ ’ਤੇ ਲੰਮੀ ਵਿਚਾਰ ਚਰਚਾ ਮਗਰੋਂ ਅਸਲ ਕੰਟਰੋਲ ਰੇਖਾ ’ਤੇ ਸਿਖਰ ’ਤੇ ਪੁੱਜੀ ਤਲਖੀ ਨੂੰ ਘਟਾਉਣ ਲਈ ਲੋੜੀਂਦੀ ਪੇਸ਼ਕਦਮੀ ਲਈ ਸਹਿਮਤ ਹੋ ਗਈਆਂ ਹਨ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਦੇ ਲੋਕਾਂ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਦੌਰਾਨ ਭਾਰਤੀ ਵਫ਼ਦ ਨੇ ਗਲਵਾਨ ਘਾਟੀ ਵਿੱਚ ਭਾਰਤੀ ਸਲਾਮਤੀ ਦਸਤਿਆਂ ’ਤੇ ਕੀਤੇ ਹਮਲੇ ਨੂੰ ਚੀਨੀ ਫੌਜੀਆਂ ਦੀ ‘ਸੋਚੀ ਸਮਝੀ ਸਾਜ਼ਿਸ਼’ ਦੱਸਦਿਆਂ ਜ਼ੋਰਦਾਰ ਵਿਰੋਧ ਕੀਤਾ।

ਭਾਰਤੀ ਵਫ਼ਦ ਨੇ ਦੋਵਾਂ ਧਿਰਾਂ ਵੱਲੋਂ ਐੱਲਏਸੀ ਤੋਂ ਫੌਜਾਂ ਪਿੱਛੇ ਹਟਾਉਣ ਦੀ ਸਲਾਹ ਵੀ ਦਿੱਤੀ। ਸੂਤਰਾਂ ਨੇ ਕਿਹਾ ਕਿ ਜ਼ਮੀਨੀ ਕਮਾਂਡਰ ਅਗਲੇ ਕੁਝ ਹਫ਼ਤਿਆਂ ’ਚ ਲੜੀਵਾਰ ਮੀਟਿੰਗਾਂ ਕਰਕੇ ਫੌਜਾਂ ਨੂੰ ਪਿੱਛੇ ਹਟਾਉਣ ਸਬੰਧੀ ਵਿਸਥਾਰਤ ਖਰੜੇ ਨੂੰ ਅੰਤਿਮ ਰੂਪ ਦੇਣਗੇ। ਗਲਵਾਨ ਘਾਟੀ ਝੜਪ ਮਗਰੋਂ ਦੋਵੇਂ ਧਿਰਾਂ ਕਸ਼ੀਦਗੀ ਨੂੰ ਘਟਾਉਣ ਲਈ ਮੇਜਰ ਜਨਰਲ ਪੱਧਰ ਦੀ ਘੱਟੋ-ਘੱਟ ਤਿੰਨ ਗੇੜਾਂ ਦੀ ਗੱਲਬਾਤ ਕਰ ਚੁੱਕੀਆਂ ਹਨ।

ਲੈਫਟੀਨੈਂਟ ਜਨਰਲ ਪੱਧਰ ਦੇ ਪਹਿਲੇ ਗੇੜ ਦੀ ਗੱਲਬਾਤ 6 ਜੂਨ ਨੂੰ ਹੋਈ ਸੀ, ਜਿਸ ਵਿੱਚ ਦੋਵਾਂ ਧਿਰਾਂ ਨੇ ਪੂਰਬੀ ਲੱਦਾਖ ਵਿੱਚ ਐੱਲਏਸੀ ਦੇ ਨਾਲ ਗਲਵਾਨ ਘਾਟੀ ਸਮੇਤ ਚਾਰ ਵੱਖ ਵੱਖ ਥਾਈਂ ਜਾਰੀ ਟਕਰਾਅ ਨੂੰ ਘਟਾਉਣ ਲਈ ਇਕ ਕਰਾਰ ਨੂੰ ਅੰਤਿਮ ਰੂਪ ਦਿੱਤਾ ਸੀ। ਪਰ 15 ਜੂਨ ਨੂੰ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜਪ ਮਗਰੋਂ ਦੋਵਾਂ ਧਿਰਾਂ ਨੇ ਐੱਲੲੇਸੀ ਦੇ ਨਾਲ ਲਗਦੇ ਬਹੁਤੇ ਖੇਤਰਾਂ ’ਚ ਫੌਜੀ ਨਫ਼ਰੀ ਵਧਾ ਦਿੱਤੀ ਸੀ।

Previous articleEntry into Himachal only as per SOPs
Next articleRohit Tiwari murder: Court refuses to grant interim bail to wife