ਲੰਬੀ (ਸਮਾਜਵੀਕਲੀ): ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਭਾਰਤੀ ਸੁਪਰ ਫੂਡਜ਼ ਦਾ ਪੱਛਮੀ ਮੁਲਕਾਂ ’ਚ ਮੰਡੀਕਰਨ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿਚ ਇਸ ਵੇਲੇ ਸਾਰਾ ਧਿਆਨ ਪੌਸ਼ਟਿਕ ਖਾਣੇ ’ਤੇ ਹੈ ਅਤੇ ਇਹ ਸਹੀ ਸਮਾਂ ਹੈ ਵਿਸ਼ਵ ਫੂਡ ਮਾਰਕੀਟ ਵਿਚ ਭਾਰਤੀ ਛਾਪ ਤੇਜ਼ੀ ਨਾਲ ਵਧਾਈ ਜਾਵੇ। ਉਹ ਪਿੰਡ ਬਾਦਲ ਵਿਚਲੀ ਰਿਹਾਇਸ਼ ਤੋਂ ਫੂਡ ਪ੍ਰੋਸੈਸਿੰਗ ਐਕਸਕਲੂਸਿਵ ਇਨਵੈਸਟਮੈਂਟ ਫੋਰਮ ਆਫ ਇਨਵੈਸਟ ਇੰਡੀਆ ਵੈਬਿਨਾਰ ਦੀ ਪ੍ਰਧਾਨਗੀ ਕਰ ਰਹੇ ਸਨ।
ਨਿਵੇਸ਼ ਫੋਰਮ ਵੈਬਿਨਾਰ ਵਿਚ ਫੂਡ ਪ੍ਰੋਸੈਸਿੰਗ ਰਾਜ ਮੰਤਰੀ ਰਮੇਸ਼ਵਰ ਤੇਲੀ, ਆਂਧਰਾ ਪ੍ਰਦੇਸ਼ ਦੇ ਵਣਜ ਮੰਤਰੀ ਐਮ. ਗੌਤਮ ਰੈਡੀ, ਆਸਾਮ ਦੇ ਉਦਯੋਗ ਮੰਤਰੀ ਚੰਦਰ ਮੋਹਨ ਪਟਵਾਰੀ ਅਤੇ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਮੰਤਰੀ ਵਿਜੈਇੰਦਰ ਸਿੰਗਲਾ ਨੇ ਵੀ ਸ਼ਮੂਲੀਅਤ ਕੀਤੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਨੇ ਘਰੇਲੂ ਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਭਾਰਤ ਵਿਚ ਵਪਾਰ ਕਰਨ ਵਿਚ ਮਦਦ ਵਾਸਤੇ ਇਨਵੈਸਟ ਇੰਡੀਆ ਵਿਚ ਨਿਵੇਸ਼ ਸਹੂਲਤ ਸੈਲ ਸਥਾਪਿਤ ਕੀਤਾ ਹੈ। ਉਨ੍ਹਾਂ ਵਿਸ਼ਵ ਭਰ ਦੀਆਂ ਰਿਟੇਲ ਆਊਟਲੈਟਸ ਵਿਚ ਰੈਡੀ ਟੂ ਈਟ ਵੰਨਗੀ ਦਾ ਭਾਰਤੀ ਖਾਣਾ ਵਧਾਉਣ ’ਤੇ ਜ਼ੋਰ ਦਿੱਤਾ। ਫੋਰਮ ਵਿਚ ਨੀਤੀਗਤ ਲਾਭ, ਉਦਯੋਗਿਕ ਜ਼ੋਨ, ਬੁਨਿਆਦੀ ਢਾਂਚੇ ਦੀ ਸਮਰੱਥਾ ਅਤੇ ਨਿਵੇਸ਼ਕਾਂ ਦੀਆਂ ਸਹੂਲਤਾਂ ਲਈ ਸੇਵਾਵਾਂ ਸਮੇਤ ਨਿਵੇਸ਼ ਸਬੰਧੀ ਕਈ ਫੈਸਲਿਆਂ ਦੇ ਅਹਿਮ ਪਹਿਲੂਆਂ ’ਤੇ ਵੀ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਇਸ ਨਾਲ ਇਕ ਹੋਰ ਵੱਡਾ ਮੁੱਦਾ ਟਰਾਂਸਪੋਰਟੇਸ਼ਨ ਤੇ ਸਪਲਾਈ ਚੇਨ ਨਾ ਹੋਣ ਕਾਰਨ ਖਾਣੇ ਦੀ ਵੱਡੀ ਬਰਬਾਦੀ ਦਾ ਹੈ ਜਿਸ ਦੇ ਹਲ ਲਈ ਚਰਚਾ ਕੀਤੀ ਗਈ। ਵੈਬਿਨਾਰ ’ਚ 18 ਮੁਲਕਾਂ ਤੋਂ 180 ਕੰਪਨੀਆਂ ਨੇ ਸ਼ਮੂਲੀਅਤ ਕੀਤੀ।