ਪੇਈਚਿੰਗ (ਸਮਾਜਵੀਕਲੀ) : ਚੀਨ ਤੇ ਦੱਖਣੀ ਕੋਰੀਆ ’ਚ ਅੱਜ ਕਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਇਨ੍ਹਾਂ ਮੁਲਕਾਂ ਦੀ ਕਰੋਨਾ ਮੁਕਤ ਹੋਣ ਦੀ ਮੁਹਿੰਮ ਨੂੰ ਝਟਕਾ ਲੱਗਾ ਹੈ। ਦੂੁਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਸ ਨੇ ਆਪਣੀ ਸਰਕਾਰ ਨੂੰ ਅਮਰੀਕਾ ’ਚ ਕੋਵਿਡ ਦੀ ਟੈਸਟਿੰਗ ਘਟਾਉਣ ਲਈ ਕਿਹਾ ਹੈ ਤਾਂ ਕਰੋਨਾ ਦੇ ਵੱਧ ਰਹੇ ਅੰਕੜੇ ਨੂੰ ਠੱਲ੍ਹ ਪਾਈ ਜਾ ਸਕੇ।
ਚੀਨੀ ਅਥਾਰਿਟੀ ਨੇ ਦੱਸਿਆ ਕਿ 25 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ 22 ਕੇਸ ਪੇਈਚਿੰਗ ਤੇ ਤਿੰਨ ਗੁਆਂਢੀ ਸੂਬੇ ਹੂਬੇਈ ਤੋਂ ਹਨ। ਦੱਖਣੀ ਕੋਰੀਆ ’ਚ 48 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ’ਚੋਂ ਅੱਧੇ ਮਾਮਲੇ ਮੁਲਕ ਦੀ ਰਾਜਧਾਨੀ ਸਿਓਲ ਤੋਂ ਹਨ। ਦੂਜੇ ਪਾਸੇ ਟਰੰਪ ਨੇ ਓਕਲਾਹੋਮਾ ਦੇ ਟੁਲਸਾ ’ਚ ਇੱਕ ਚੋਣ ਰੈਲੀ ਦੌਰਾਨ ਕਿਹਾ ਕਿ ਅਮਰੀਕਾ ’ਚ 2.5 ਕਰੋੜ ਲੋਕਾਂ ਦੀ ਜਾਂਚ ਕੀਤੀ ਗਈ ਪਰ ਇਸ ਦਾ ਮਾੜਾ ਪੱਖ ਇਹ ਰਿਹਾ ਕਿ ਜ਼ਿਆਦਾ ਮਾਮਲੇ ਸਾਹਮਣੇ ਆ ਗਏ। ਉਨ੍ਹਾਂ ਕਿਹਾ, ‘ਜਦੋਂ ਤੁਸੀਂ ਜ਼ਿਆਦਾ ਟੈਸਟ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਲੋਕਾਂ ’ਚ ਕਰੋਨਾ ਦੇ ਲੱਛਣ ਮਿਲਣਗੇ। ਇਸ ਲਈ ਮੈਂ ਆਪਣੇ ਲੋਕਾਂ ਨੂੰ ਕਿਹਾ ਹੈ ਕਿ ਟੈਸਟਿੰਗ ਘਟਾਈ ਜਾਵੇ।’