ਬ੍ਰਿਸਬੇਨ (ਸਮਾਜਵੀਕਲੀ) : ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੈਨਬਰਾ ਦੇ ਸੰਸਦ ਭਵਨ ਵਿੱਚ ਵਿਸ਼ੇਸ਼ ਪ੍ਰੈੱਸ ਬੈਠਕ ਦੌਰਾਨ ਕਿਹਾ ਕਿ ਆਸਟਰੇਲੀਆ ਨੂੰ ਇਕ ਅਣਜਾਣ ਵਿਦੇਸ਼ੀ ਸਾਈਬਰ ਹਮਲੇ ਵਿੱਚ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਵਿੱਚ ਆਸਟਰੇਲੀਆ ਦੇ ਨਿੱਜੀ ਅਤੇ ਜਨਤਕ ਖੇਤਰ ਤੇ ਹੋਰ ਨਾਜ਼ੁਕ ਬੁਨਿਆਦੀ ਢਾਂਚਿਆਂ ਦੇ ਸੰਚਾਲਕ ਵੀ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਸਾਈਬਰ ਹਮਲਿਆਂ ਦੇ ਖਤਰੇ ਤੋਂ ਜਾਣੂ ਅਤੇ ਸੁਚੇਤ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਾਈਬਰ ਹਮਲੇ ਦੇਸ਼ ਲਈ ਕੋਈ ਨਵਾਂ ਜੋਖ਼ਮ ਨਹੀਂ ਹਨ, ਪਰ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਦੇਸ਼ ਦੀ ਅਾਵਾਮ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਕੀਤੀ ਗਈ ਜਾਂਚ ਵਿੱਚ ਭਾਵੇਂ ਵੱਡੇ ਪੱਧਰ ’ਤੇ ਨਿੱਜੀ ਅੰਕੜਿਆਂ ਦੀ ਉਲੰਘਣਾ ਦਾ ਖੁਲਾਸਾ ਨਹੀਂ ਹੋਇਆ, ਪਰ ਆਸਟਰੇਲਿਆਈ ਸੰਗਠਨਾਂ ਨੂੰ ਇਸ ਵੇਲੇ ਇੱਕ ਸੂਝਵਾਨ ਸਟੇਟ-ਅਧਾਰਿਤ ਸਾਈਬਰ ਟਿਕਾਣਿਆਂ ਦੁਆਰਾ ਲਗਾਤਾਰ ਨਿਸ਼ਾਨਾ ਬਣਾਉਣਾ ਰਾਸ਼ਟਰ ਹਿੱਤ ’ਚ ਨਹੀਂ ਹੈ।