ਮਲੇਸ਼ੀਆ ’ਚ ਫਸੇ ਪੰਜਾਬੀਆਂ ਦੀ ਰਿਹਾਈ ਲਈ ਮਾਪੇ ਹਰਸਿਮਰਤ ਨੂੰ ਮਿਲੇ

ਲੰਬੀ (ਸਮਾਜਵੀਕਲੀ) :  ਪੰਜਾਬ ਦੇ ਏਜੰਟਾਂ ਕਾਰਨ ਮਲੇਸ਼ੀਆ ਵਿੱਚ ਸਜ਼ਾ ਉਪਰੰਤ ਕੈਂਪਾਂ ’ਚ ਰਹਿ ਰਹੇ ਸਾਢੇ ਤਿੰਨ ਸੌ ਪੰਜਾਬੀ ਨੌਜਵਾਨਾਂ ਨੂੰ ਰਿਹਾਈ ਦੀ ਆਸ ਬੱਝੀ ਹੈ। ਕਈ ਮਹੀਨਿਆਂ ਤੋਂ ਪੁੱਤਾਂ-ਧੀਆਂ ਨਾਲ ਸੰਪਰਕ ਤੋਂ ਵਾਂਝੇ ਦਰਜਨਾਂ ਮਾਪਿਆਂ ਨੇ ਅੱਜ ਪਿੰਡ ਬਾਦਲ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਮੁਲਾਕਾਤ ਕੀਤੀ।

ਉਹ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਪੁੱਜੇ। ਕੇਂਦਰੀ ਮੰਤਰੀ ਨੇ ਮਲੇਸ਼ੀਆ ’ਚ ਭਾਰਤੀ ਹਾਈ ਕਮਿਸ਼ਨਰ ਮ੍ਰਿਦੁਲ ਕੁਮਾਰ ਨਾਲ ਗੱਲਬਾਤ ਕਰਕੇ ਉਥੇ ਫਸੇ ਕਰੀਬ 350 ਨੌਜਵਾਨ ਲੜਕੇ-ਲੜਕੀਆਂ ਦੀ ਵਾਪਸੀ ਯਕੀਨੀ ਬਣਾਉਣ ਲਈ ਆਖਿਆ।

ਜ਼ਿਕਰਯੋਗ ਹੈ ਕਿ ਇਹ ਨੌਜਵਾਨ 2019 ’ਚ ਏਜੰਟਾਂ ਜ਼ਰੀਏ ਵਰਕ ਪਰਮਿਟ ਦੇ ਕਥਿਤ ਧੋਖੇ ਹੇਠ ਸੈਰ-ਸਪਾਟਾ ਵੀਜ਼ੇ ’ਤੇ ਮਲੇਸ਼ੀਆ ਗਏ ਸਨ ਜਿਥੇ ਉਹ ਮਲੇਸ਼ੀਆ ਪੁਲੀਸ ਦੇ ਧੱਕੇ ਚੜ੍ਹ ਗਏ। ਨੌਜਵਾਨਾਂ ਦੇ ਮਾਪਿਆਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਬੱਚੇ ਮਲੇਸ਼ੀਆ ਵਿੱਚ ਮੰਦਹਾਲ ਹਾਲਾਤ ’ਚ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨ।

ਮਾਪਿਆਂ ਦੀ ਗੱਲ ਸੁਣਨ ਤੋਂ ਬਾਅਦ ਕੇੇਂਦਰੀ ਮੰਤਰੀ ਨੇ ਮਲੇਸ਼ੀਆ ’ਚ ਭਾਰਤੀ ਹਾਈ ਕਮਿਸ਼ਨਰ ਨਾਲ ਗੱਲਬਾਤ ਕੀਤੀ ਅਤੇ ਫਿਰ ਮਾਪਿਆਂ ਦੀ ਵੀ ਹਾਈ ਕਮਿਸ਼ਨਰ ਨਾਲ ਗੱਲਬਾਤ ਕਰਵਾਈ। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਪੀੜਤ ਨੌਜਵਾਨਾਂ ਦੇ ਪਰਿਵਾਰਕ ਹਾਲਾਤ ਮੁਤਾਬਕ ਵਾਪਸੀ ਲਈ ਟਿਕਟ ਦਾ ਪ੍ਰਬੰਧ ਵੀ ਯੂਥ ਅਕਾਲੀ ਵੱਲੋਂ ਕੀਤਾ ਜਾਵੇਗਾ।

Previous articleJudge rejects Trump bid to ban ex-adviser’s book
Next articleਪੰਜਾਬ ’ਚ ਮੌਨਸੂਨ ਜੂਨ ਦੇ ਅਖੀਰ ਵਿੱਚ ਪਹੁੰਚਣ ਦੀ ਸੰਭਾਵਨਾ