ਮਲੋਟ (ਸਮਾਜਵੀਕਲੀ) : ਡੀਐਫਐਸਓ ਕਸ਼ਮੀਰ ਸਿੰਘ ਦੀ ਅਗਵਾਈ ਹੇਠ 6 ਮੈਂਬਰੀ ਟੀਮ ਸਵੇਰੇ ਕਰੀਬ ਨੌਂ ਵਜੇ ਮਲੋਟ ਪਹੁੰਚੀ ਅਤੇ ਉਨ੍ਹਾਂ ਘਮਿਆਰਾ ਰੋਡ ’ਤੇ ਸਥਿਤ ਦੋ ਗੋਦਾਮਾਂ ‘ਚ ਦਬਸ਼ ਦਿੱਤੀ।
ਇਸ ਸਬੰਧੀ ਮਲੋਟ ਦੇ ਵਸਨੀਕ ਵਿਜੇ ਕੁਮਾਰ ਨਾਮੀ ਵਿਅਕਤੀ ਵੱਲੋਂ ਸਥਾਨਕ ਘੁਮਿਆਰਾ ਰੋਡ ’ਤੇ ਸਥਿਤ ਦੋ ਗੋਦਾਮਾਂ ਸਮੇਤ ਕੁੱਲ ਪੰਜ ਗੋਦਾਮਾਂ ਵਿੱਚ ਅਨਾਜ ਅਤੇ ਬਾਰਦਾਨੇ ’ਚ ਹੋਏ ਘਪਲੇ ਸਬੰਧੀ ਅਨੇਕਾਂ ਵਾਰ ਕੀਤੀ ਗਈ ਸ਼ਿਕਾਇਤ ’ਤੇ ਜ਼ਿਲ੍ਹਾ ਫੂਡ ਸਪਲਾਈ ਅਧਿਕਾਰੀ ਦਿਵਾਨ ਚੰਦ ਸ਼ਰਮਾ ਵੱਲੋਂ ਕੋਈ ਸੁਣਵਾਈ ਨਾ ਕਰਨ ’ਤੇ ਉਨ੍ਹਾਂ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਤੱਥਾਂ ਸਹਿਤ ਉਕਤ ਸਾਰੇ ਮਸਲੇ ਤੋਂ ਜਾਣੂ ਕਰਵਾਇਆ, ਜਿਸ ਦੇ ਅਧਾਰ ’ਤੇ ਵਿਭਾਗ ਦੀ ਜੁਆਇੰਟ ਡਾਇਰੈਕਟਰ ਅੰਜੂਮਨ ਭਾਸਕਰ ਵੱਲੋਂ ਫਿਰੋਜ਼ਪੁਰ ਦੇ ਡਿਪਟੀ ਡਾਇਰੈਕਟਰ ਮੰਗਲ ਦਾਸ ਦੀ ਡਿਊਟੀ ਲਗਾਈ ਗਈ ਕਿ ਮਲੋਟ ਦੇ ਗੋਦਾਮਾਂ ਵਿੱਚ ਪਏ ਅਨਾਜ ਦੀ ਗੁਣਵੱਤਾ ਅਤੇ ਮਾਤਰਾ ਦੀ ਜਾਂਚ ਕਰਨ ਦੇ ਨਾਲ ਨਾਲ ਇਹ ਵੀ ਪੜਤਾਲ ਕੀਤੀ ਜਾਵੇ ਕਿ ਇਸ ਖੇਤਰ ਦੇ ਗੋਦਾਮਾਂ ਵਿੱਚ ਕਿਨਾਂ ਪੁਰਾਣਾ ਬਾਰਦਾਨਾ ਹੈ ਅਤੇ ਕਿੰਨਾ ਨਵਾਂ, ਜਿਸ ਉਪਰੰਤ ਇਹ ਕਾਰਵਾਈ ਕੀਤੀ ਗਈ।
ਜਾਂਚ ਟੀਮ ਨੇ ਗੋਦਾਮਾਂ ’ਚ ਪਏ ਅਨਾਜ ਦੀ ਗਿਣਤੀ ਮਿਣਤੀ ਅਤੇ ਗੱਟਿਆਂ ’ਚੋਂ ਅਨਾਜ ਦੀ ਗੁਣਵੱਤਾ ਦੀ ਪੜਤਾਲ ਤੋਂ ਇਲਾਵਾ ਨਵੇਂ ਅਤੇ ਪੁਰਾਣੇ ਬਾਰਦਾਨੇ ਦੀ ਜਾਂਚ ਕੀਤੀ। ਸ਼ਿਕਾਇਤਕਰਤਾ ਵਿਜੈ ਕੁਮਾਰ ਦਾ ਕਹਿਣਾ ਸੀ ਕਿ ਮਿਲੀਭੁਗਤ ਦੇ ਚਲਦਿਆਂ ਇਸ ਖੇਤਰ ਦੇ ਗੋਦਾਮਾਂ ਵਿੱਚ ਵੱਡੀ ਗਿਣਤੀ ਪੁਰਾਣਾ ਬਾਰਦਾਨਾ ਲਗਾਇਆ ਗਿਆ ਹੈ ਅਤੇ ਅਨਾਜ ਦੀ ਕੁਆਲਟੀ ਵੀ ਬੇਹੱਦ ਮਾੜੀ ਹੈ ਅਤੇ ਅਨਾਜ ਘੱਟ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਜ਼ਿਲ੍ਹਾ ਅਧਿਕਾਰੀ ਦਿਵਾਨ ਚੰਦ ਸ਼ਰਮਾ ਨੂੰ ਕਈ ਵਾਰ ਮਲੋਟ ਦੇ ਗੋਦਾਮਾਂ ‘ਚ ਹੋਏ ਘਪਲਿਆਂ ਸਬੰਧੀ ਤੱਥਾਂ ਸਹਿਤ ਜਾਣੂ ਕਰਵਾ ਚੁੱਕੇ ਹਨ ਪਰ ਉਨ੍ਹਾਂ ਕਦੇ ਵੀ ਕਿਸੇ ਮਸਲੇ ਦੀ ਪੜਤਾਲ ਕਰਵਾਉਣ ਦੀ ਲੋੜ ਨਹੀਂ ਸਮਝੀ, ਜਿਸ ਕਰਕੇ ਉਨ੍ਹਾਂ ਵਿਭਾਗ ਦੇ ਮੰਤਰੀ ਦੇ ਧਿਆਨ ਵਿੱਚ ਉਕਤ ਸਾਰਾ ਮਸਲਾ ਰੱਖਿਆ, ਜਿਸ ਉਪਰੰਤ ਉਹਨਾਂ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ ਅਤੇ ਇੱਕ ਵਿਸ਼ੇਸ਼ ਜਾਂਚ ਟੀਮ ਮਲੋਟ ਭੇਜੀ।