*ਰੇਤ ਨਾਲ ਭਰੀਆਂ ਦੋ ਟ੍ਰੈਕਟਰ-ਟਰਾਲੀਆਂ ਜ਼ਬਤ ਕਰਕੇ ਦੋ ਖਿਲਾਫ਼ ਮਾਮਲਾ ਦਰਜ਼
ਕਪੂਰਥਲਾ, 17 ਜੂਨ (ਕੌੜਾ) (ਸਮਾਜਵੀਕਲੀ): ਜ਼ਿਲ੍ਹੇ ਵਿਚ ਰੇਤ ਦੀ ਗੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਗਠਿਤ ਕੀਤੀ ਗਈ ਟੀਮ ਵੱਲੋਂ ਸਬ-ਡਵੀਜ਼ਨ ਭੁਲੱਥ ਦੇ ਪਿੰਡ ਤਲਵੰਡੀ ਕੂਕਾ ਮੰਡ ਵਿਖੇ ਕੀਤੀ ਅਚਨਚੇਤ ਛਾਪੇਮਾਰੀ ਦੌਰਾਨ ਗੈਰ-ਕਾਨੂੰਨੀ ਨਿਕਾਸੀ ਕੀਤੀ ਗਈ ਰੇਤਾ ਨਾਲ ਭਰੀਆਂ ਦੋ ਟ੍ਰੈਕਟਰ-ਟਰਾਲੀਆਂ ਜ਼ਬਤ ਕੀਤੀਆਂ ਗਈਆਂ।
ਇਹ ਜਾਣਕਾਰੀ ਦਿੰਦਿਆਂ ਮਾਈਨਿੰਗ ਇੰਸਪੈਕਟਰ ਸ੍ਰੀ ਵਿਕਾਸ ਨੇ ਦੱਸਿਆ ਕਿ ਬੀਤੀ ਰਾਤ ਉਹਨਾ ਵੱਲੋਂ ਡੀ. ਐਸ. ਪੀ ਮਾਈਨਿੰਗ ਸ੍ਰੀ ਸੁਖਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਉਹਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਬੇਗੋਵਾਲ ਵਿਖੇ ਮਨਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਨੰਗਲ ਲੁਬਾਣਾ ਅਤੇ ਪੂਰੀ ਪੁੱਤਰ ਸ਼ੇਰ ਸਿੰਘ ਵਾਸੀ ਮੰਡ ਸਰਦਾਰ ਸਾਹਿਬ ਵਾਲਾ ਖਿਲਾਫ਼ ਕ੍ਰਮਵਾਰ ਐਫ. ਆਈ. ਆਰ ਨੰਬਰ 64 ਅਤੇ 65 ਮਿਤੀ 16-6-2020 ਦਰਜ ਕੀਤੀ ਗਈ ਹੈ।
ਉਨ੍ਹਾਂ ਟਰੈਕਟਰ-ਟਰਾਲੀਆਂ ਸਮੇਤ ਜ਼ਬਤ ਕੀਤੀ ਗਈ ਰੇਤਾ ਥਾਣਾ ਬੇਗੋਵਾਲ ਵਿਖੇ ਜਮ੍ਹਾ ਕਰਵਾਈ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਮੁੰਡੀ, ਝੱਲ ਠੀਕਰੀਵਾਲ, ਸੰਧਰ ਜਗੀਰ ਅਤੇ ਕਾਂਜਲੀ ਰੋਡ ਨੇੜਿਓਂ ਨਾਜਾਇਜ਼ ਰੇਤ ਦੀ ਪੁਟਾਈ ਸਬੰਧੀ ਵੀ ਦਫ਼ਤਰੀ ਕਾਰਵਾਈ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਇਹ ਮੁਹਿੰਮ ਲਗਾਤਾਰ ਚਲਾਈ ਜਾਵੇਗੀ ਅਤੇ ਕਿਸੇ ਨੂੰ ਵੀ ਗੈਰ-ਕਾਨੂੰਨੀ ਮਾਈਨਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।