ਕਪੂਰਥਲਾ, 13 ਜੂਨ (ਕੌੜਾ) (ਸਮਾਜਵੀਕਲੀ): ਕੋਰੋਨਾ ਵਾਇਰਸ ਨਾਲ ਜੰਗ ਦੀ ਇਸ ਔਖੀ ਘੜੀ ਵਿਚ ਕਪੂਰਥਲਾ ਨੂੰ ਕੋਰੋਨਾ ਮੁਕਤ ਰੱਖਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਦੂਸਰੀ ਵਾਰ ਸੈਨੀਟਾਈਜ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਮੁਹਿੰਮ ਦੀ ਸ਼ੁਰੂਆਤ ਕਰਦਿਆਂ ਅੱਜ ਉਨਾਂ ਵੱਲੋਂ ਖ਼ੁਦ ਮਾਲ ਰੋਡ, ਸਦਰ ਬਾਜ਼ਾਰ, ਸੱਤ ਨਾਰਾਇਣ ਬਾਜ਼ਾਰ ਵਿਖੇ ਸੈਨੀਟਾਈਜ਼ਰ ਦਾ ਛਿੜਕਾਅ ਕਰਵਾਇਆ ਗਿਆ।
ਇਸ ਮੌਕੇ ਉਨਾਂ ਕਿਹਾ ਕਿ ਇਸ ਮੁਹਿੰਮ ਤਹਿਤ ਹਰੇਕ ਸਨਿੱਚਰਵਾਰ ਤੇ ਐਤਵਾਰ ਸੈਨੀਟਾਈਜ਼ਰ ਦਾ ਛਿੜਕਾਅ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੋਰੋਨਾ ਦਾ ਖ਼ਤਰਾ ਅਜੇ ਟਲਿਆ ਨਹੀਂ ਹੈ ਅਤੇ ਇਸ ਸਬੰਧੀ ਕੋਈ ਵੀ ਲਾਪਰਵਾਹੀ ਭਾਰੀ ਪੈ ਸਕਦੀ ਹੈ। ਉਨਾਂ ਕਿਹਾ ਕਿ ਇਸੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਮਿਸ਼ਨ ਫ਼ਤਿਹ’ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਜਨ ਹਿੱਤ ਵਿਚ ਛੁੱਟੀ ਵਾਲੇ ਦਿਨ ਪੂਰਨ ਲਾਕਡਾੳੂਨ ਦਾ ਫੈਸਲਾ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸੈਨੀਟਾਈਜ਼ੇਸ਼ਨ ਮੁਹਿੰਮ ਤਹਿਤ ਸ਼ਹਿਰੀ ਇਲਾਕੇ ਤੋਂ ਬਾਅਦ ਪੇਂਡੂ ਇਲਾਕੇ ਨੂੰ ਵੀ ਕਵਰ ਕੀਤਾ ਜਾਵੇਗਾ। ਉਨਾਂ ਕਪੂਰਥਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨ ਅਤੇ ਸਾਰੇ ਸਿਹਤ ਸੁਰੱਖਿਆ ਉਪਾਵਾਂ ਦਾ ਧਿਆਨ ਰੱਖਣ।
ਉਨਾਂ ਕਿਹਾ ਕਿ ਕੋਰੋਨਾ ਦੇ ਨਾਲ-ਨਾਲ ਮਲੇਰੀਆ ਤੇ ਡੇਂਗੂ ਦੀ ਰੋਕਥਾਮ ਵੀ ਸੈਨੀਟਾਈਜ਼ੇਸ਼ਨ ਇਕ ਵੱਡਾ ਹਥਿਆਰ ਹੈ। ਇਸ ਮੌਕੇ ਮਾਰਕੀਟ ਕਮੇਟੀ ਦੇ ਉੱਪ ਚੇਅਰਮੈਨ ਸ੍ਰੀ ਰਜਿੰਦਰ ਕੌੜਾ, ਡੀ. ਐਸ. ਪੀ ਸ੍ਰੀ ਸੁਰਿੰਦ ਸਿੰਘ, ਸ. ਅਮਰਜੀਤ ਸਿੰਘ ਸੈਦੋਵਾਲ, ਸ੍ਰੀ ਵਿਸ਼ਾਲ ਸੋਨੀ, ਸ੍ਰੀ ਕੁਲਦੀਪ ਸ਼ਰਮਾ, ਸ੍ਰੀ ਵਿਕਾਸ ਸ਼ਰਮਾ, ਸ੍ਰੀ ਕਰਨ ਮਹਾਜਨ, ਸ੍ਰੀ ਵਿਨੋਦ ਸੂਦ, ਟ੍ਰੈਫਿਕ ਇੰਚਾਰਜ ਸ੍ਰੀ ਦੀਪਕ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।