ਨਵੀਂ ਦਿੱਲੀ (ਸਮਾਜਵੀਕਲੀ): ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਨਾਲ ਲੱਗਦੀ ਨੇਪਾਲ ਦੀ ਸਰਹੱਦ ’ਤੇ ਨੇਪਾਲ ਸਰਹੱਦੀ ਪੁਲੀਸ ਨੇ ਭਾਰਤੀਆਂ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਇਕ ਭਾਰਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਨੇਪਾਲ ਦਾ ਕਹਿਣਾ ਹੈ ਕਿ ਪੁਲੀਸ ਨੇ ਇਹ ਕਾਰਵਾਈ ਉਦੋਂ ਕੀਤੀ ਜਦੋਂ ਕਈ ਭਾਰਤੀ ਜਥੇ ਦੇ ਰੂਪ ਵਿੱਚ ਨੇਪਾਲ ਵਿੱਚ ਦਾਖਲ ਹੋਣ ਦੀ ਕੋੋਸ਼ਿਸ਼ ਕਰ ਰਹੇ ਸਨ।
ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ 45 ਸਾਲਾ ਭਾਰਤੀ ਨਾਗਰਿਕ ਲਗਨ ਯਾਦਵ ਨੂੰ ਨੇਪਾਲ ਬਾਰਡਰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਸਸ਼ਸਤਰ ਸੀਮਾ ਬੱਲ (ਐੱਸਐੱਸਬੀ) ਦੇ ਡਾਇਰੈਕਟਰ ਜਨਰਲ ਕੁਮਾਰ ਰਾਜੇਸ਼ ਚੰਦਰ ਨੇ ਦਿੱਲੀ ਵਿੱਚ ਦੱਸਿਆ ਕਿ ਇਹ ਘਟਨਾ ਨੇਪਾਲ ਦੀ ਸਰਹੱਦ ਵਿੱਚ ਸਵੇਰੇ ਕਰੀਬ 8.40 ਵਜੇ ਦੀ ਹੈ
ਸਥਿਤੀ ਆਮ ਵਰਗੀ ਹੈ ਤੇ ਬਲ ਦੇ ਸਥਾਨਕ ਕਮਾਂਡਰ ਨੇਪਾਲੀ ਹਮਰੁਤਬਾ ਏਪੀਐਫ ਦੇ ਸੰਪਰਕ ਵਿੱਚ ਹਨ। ਐੱਸਐੱਸਬੀ ਦੇ ਇੰਸਪੈਕਟਰ ਜਨਰਲ (ਆਈਜੀ) ਪਟਨਾ ਫਰੰਟੀਅਰ ਸੰਜੇ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਸਥਾਨਕ ਲੋਕਾਂ ਅਤੇ ਨੇਪਾਲ ਦੇ ਆਰਮਡ ਪੁਲੀਸ ਫੋਰਸ (ਏਪੀਐੱਫ) ਦਰਮਿਆਨ ਹੋਈ ਹੈ।
ਆਈਜੀ ਨੇ ਦੱਸਿਆ ਕਿ ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਦਕਿ ਦੋ ਜ਼ਖਮੀ ਹੋ ਗਏ। 22 ਸਾਲਾ ਵਿਕੇਸ਼ ਯਾਦਵ ਦੇ ਪੇਟ ਵਿਚ ਗੋਲੀ ਲੱਗੀ ਸੀ, ਜਿਸ ਕਾਰਨ ਉਸ ਦੀ ਮੌਤ ਹੋਈ। ਉਦੈ ਠਾਕੁਰ (24) ਅਤੇ ਉਮੇਸ਼ ਰਾਮ (18) ਜ਼ਖ਼ਮੀ ਹਨ। ਉਨ੍ਹਾਂ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਤੋਂ 85 ਕਿਲੋਮੀਟਰ ਦੀ ਦੂਰ ਸੀਤਾਮਾੜੀ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।