ਨਵੀਂ ਦਿੱਲੀ (ਸਮਾਜਵੀਕਲੀ): ਗੁੜਗਾਉਂ ਦੇ ਮੇਦਾਂਤਾ ਹਸਪਤਾਲ ਲਈ ਜ਼ਮੀਨ ਅਲਾਟ ਕਰਨ ਦੇ ਮਾਮਲੇ ਸਬੰਧੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਹਿਰਦੇ ਰੋਗਾਂ ਦੇ ਊੱਘੇ ਡਾਕਟਰ ਡਾ. ਨਰੇਸ਼ ਤ੍ਰੇਹਨ ਤੇ ਹੋਰਾਂ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਾਇਰ ਕੀਤਾ ਹੈ। ਦੱਸਣਯੋਗ ਹੈ ਕਿ ਡਾ. ਤ੍ਰੇਹਨ ਮੇਦਾਂਤਾ ਹਸਪਤਾਲ ਦੇ ਸਹਿ-ਸੰਸਥਾਪਕ ਹਨ।
ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਗੁੜਗਾਉਂ ਪੁਲੀਸ ਵਲੋਂ ਤ੍ਰੇਹਨ ਸਣੇ 16 ਜਣਿਆਂ ਖ਼ਿਲਾਫ਼ ਪਿਛਲੇ ਹਫ਼ਤੇ ਦਰਜ ਐੱਫਆਈਆਰ ਦੇ ਆਧਾਰ ’ਤੇ ਕੇਂਦਰੀ ਜਾਂਚ ੲੇਜੰਸੀ ਨੇ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਫੌਜਦਾਰੀ ਕੇਸ ਦਾਇਰ ਕੀਤਾ ਹੈ। ਅਧਿਕਾਰੀਆਂ ਅਨੁਸਾਰ ਪੁਲੀਸ ਸ਼ਿਕਾਇਤ ਵਿੱਚ ਦਰਜ ਸਾਰੇ ਮੁਲਜ਼ਮਾਂ ਨੂੰ ਈਡੀ ਨੇ ਕੇਸ ਵਿੱਚ ਸ਼ਾਮਲ ਕੀਤਾ ਹੈ।
ਪੁਲੀਸ ਦਾ ਕਹਿਣਾ ਹੈ ਕਿ ਗੁੜਗਾਉਂ ਦੀ ਐਡੀਸ਼ਨਲ ਸੈਸ਼ਨਜ਼ ਕੋਰਟ ਦੇ ਆਦੇਸ਼ਾਂ ’ਤੇ ਸੈਕਟਰ 38 ਵਿੱਚ ‘ਮੈਡੀਸਿਟੀ’ ਲਈ 53 ਏਕੜ ਜ਼ਮੀਨ ਅਲਾਟ ਕਰਨ ਦੇ ਮਾਮਲੇ ਵਿੱਚ ਕਥਿਤ ਧਾਂਦਲੀਆਂ ਸਬੰਧੀ ਪੁਲੀਸ ਐੱਫਆਈਆਰ ਦਰਜ ਕੀਤੀ ਗਈ ਸੀ। ਇਹ ਜ਼ਮੀਨ 2004 ਵਿੱਚ ਅਲਾਟ ਕਰਨ ਮੌਕੇ ਸਥਾਨਕ ਲੋਕਾਂ ਨੂੰ ਸੈਕਟਰ 38 ’ਚੋਂ ਊਠਾਇਆ ਗਿਆ ਸੀ।
ਇਸ ਸਬੰਧੀ ਕੇਸ ਪਿਛਲੇ ਹਫ਼ਤੇ ਗੁੜਗਾਉਂ ਸਦਰ ਪੁਲੀਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਸੀ ਅਤੇ ਕਥਿਤ ਦੋਸ਼ੀਆਂ ਨੂੰ ਮਨੀ ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਨਾਮਜ਼ਦ ਕੀਤਾ ਗਿਆ ਸੀ। ਦੂਜੇ ਪਾਸੇ, ਮੇਦਾਂਤਾ ਦੇ ਤਰਜਮਾਨ ਨੇ ਕੇਸ ਵਿਚਲੇ ਦੋਸ਼ਾਂ ਨੂੰ ਗਲਤ ਅਤੇ ਨਿਰਆਧਾਰ ਦੱਸਿਆ ਹੈ। ਇਸ ਕੇਸ ਵਿੱਚ ਨਾਮਜ਼ਦ ਤ੍ਰੇਹਨ ਤੋਂ ਇਲਾਵਾ ਬਾਕੀ 15 ਜਣੇ ਸਰਕਾਰੀ ਅਧਿਕਾਰੀ ਹਨ।