ਜਲੰਧਰ (ਰਾਜਾਨਦੀਪ) (ਸਮਾਜਵੀਕਲੀ)— ਜਲੰਧਰ ‘ਚ ਕੋਰੋਨਾ ਵਾਇਰਸ ਨੇ ਤੇਜ਼ੀ ਨਾਲ ਰਫਤਾਰ ਫੜ ਲਈ ਹੈ। ਜਲੰਧਰ ‘ਚ ਐਤਵਾਰ ਨੂੰ 10 ਹੋਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜਲੰਧਰ ‘ਚ ਹੁਣ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ 298 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਦੇ ਮਿਲੇ ਪਾਜ਼ੇਟਿਵ ਕੇਸਾਂ ‘ਚ 4 ਪੁਰਸ਼ ਅਤੇ 6 ਔਰਤਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਕੇਸਾਂ ‘ਚੋਂ 4 ਰੋਜ਼ ਗਾਰਡਨ, 3 ਲੰਮਾ ਪਿੰਡ 1 ਪ੍ਰੀਤ ਨਗਰ ਲਾਡੋਵਾਲੀ ਰੋਡ, 1 ਭਾਰਗੋ ਕੈਂਪ ਅਤੇ 1 ਪਿੰਡ ਵਿਰਕਾਂ ਦਾ ਸ਼ਾਮਲ ਹੈ। ਇਨ੍ਹਾਂ ‘ਚੋਂ 2 ਬੱਚੇ 6 ਮਹੀਨੇ ਦਾ ਲੜਕਾ ਅਤੇ 6 ਸਾਲ ਦੀ ਲੜਕੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।
ਇਥੇ ਦੱਸ ਦੇਈਏ ਕਿ ਜਲੰਧਰ ‘ਚ ਤੇਜ਼ੀ ਨਾਲ ਕੋਰੋਨਾ ਵਾਇਰਸ ਦੀ ਵੱਧ ਰਹੀ ਰਫਤਾਰ ਨਾਲ ਜਿੱਥੇ ਸਿਹਤ ਮਹਿਕਮਾ ਚਿੰਤਾ ‘ਚ ਹੈ, ਉਥੇ ਹੀ ਲੋਕਾਂ ‘ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ 298 ਤੱਕ ਹੋ ਚੁੱਕਾ ਹੈ, ਜਿਨ੍ਹਾਂ ‘ਚੋਂ 9 ਮਰੀਜ਼ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।
ਪੰਜਾਬ ‘ਚ ਕੋਰੋਨਾ ਦੇ ਤਾਜ਼ਾ ਹਾਲਾਤ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 2600 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 468, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 298, ਲੁਧਿਆਣਾ ‘ਚ 235, ਤਰਨਾਰਨ 167, ਮੋਹਾਲੀ ‘ਚ 125, ਹੁਸ਼ਿਆਰਪੁਰ ‘ਚ 135, ਪਟਿਆਲਾ ‘ਚ 137, ਸੰਗਰੂਰ ‘ਚ 104 ਕੇਸ, ਪਠਾਨਕੋਟ ‘ਚ 86, ਨਵਾਂਸ਼ਹਿਰ ‘ਚ 106, ਮਾਨਸਾ ‘ਚ 34, ਕਪੂਰਥਲਾ 44, ਫਰੀਦਕੋਟ 69, ਮੁਕਤਸਰ 71, ਗਰਦਾਸਪੁਰ ‘ਚ 148 ਕੇਸ, ਮੋਗਾ ‘ਚ 66, ਬਰਨਾਲਾ ‘ਚ 25, ਫਤਿਹਗੜ੍ਹ ਸਾਹਿਬ ‘ਚ 69, ਫਾਜ਼ਿਲਕਾ 46, ਬਠਿੰਡਾ ‘ਚ 54, ਰੋਪੜ ‘ਚ 71 ਅਤੇ ਫਿਰੋਜ਼ਪੁਰ ‘ਚ 46 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 2130 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ ਜਦਕਿ ਕੋਰੋਨਾ ਮਹਾਮਾਰੀ ਦੇ 423 ਤੋਂ ਵੱਧ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 50 ਲੋਕਾਂ ਦੀ ਮੌਤ ਹੋ ਚੁੱਕੀ ਹੈ।