ਫਗਵਾੜਾ (ਸਮਾਜਵੀਕਲੀ): ਬਲਾਕ ਦੇ ਪਿੰਡ ਮਾਈਓਪੱਟੀ ਵਿੱਚ ਝੋਨਾ ਲਗਾਉਣ ਲਈ ਆਏ ਚਾਰ ਮਜ਼ਦੂਰ ਕਰੋਨਾ ਪਾਜ਼ੇਟਿਵ ਨਿਕਲਣ ਬਾਅਦ ਸਿਹਤ ਵਿਭਾਗ ਨੇ ਇਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਕੀਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹ ਛੇ ਵਿਅਕਤੀ ਮੁਰਾਦਾਬਾਦ ਤੋਂ ਇੱਥੇ ਝੋਨਾ ਲਗਾਉਣ ਲਈ ਆਏ ਸਨ। ਇਹ 2 ਜੂਨ ਨੂੰ ਇੱਥੇ ਪੁੱਜੇ ਸਨ, ਜਿਸ ਤੋਂ ਬਾਅਦ ਸਿਹਤ ਵਿਭਾਗ ਨੂੰ ਸੂਚਨਾ ਮਿਲਦੇ ਸਾਰ ਇਨ੍ਹਾਂ ਨੂੰ ਘਰ ’ਚ ਇਕਾਂਤਵਾਸ ਕਰ ਦਿੱਤਾ ਸੀ ਤੇ ਇਨ੍ਹਾਂ ਦੇ ਸੈਂਪਲ ਲਏ ਗਏ ਸਨ।
ਇਨ੍ਹਾਂ ’ਚ ਚਾਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚ ਇੱਕ ਔਰਤ 33 ਸਾਲ ਤੇ ਮਰਦਾਂ ਦੀ ਉਮਰ 40 ਤੇ 20 ਸਾਲ ਅਤੇ ਇਕ 15 ਸਾਲ ਦਾ ਲੜਕਾ ਸ਼ਾਮਲ ਹਨ। ਕਰੋਨਾ ਪੀੜਤਾਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਸੈਂਟਰ ’ਚ ਭੇਜਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਦੋ ਹੋਰ ਸਾਥੀ ਜੋ ਨੈਗਟਿਵ ਆਏ ਹਨ ਨੂੰ ਵੀ 14 ਦਿਨਾ ਤੱਕ ਇਕਾਂਤਵਾਸ ਰੱਖਿਆ ਜਾ ਰਿਹਾ ਹੈ।
ਇਹ ਵਿਅਕਤੀ ਯੂਪੀ ਤੋਂ ਇੱਥੇ ਕੰਮ ਕਰਨ ਆਏ ਸਨ ਤੇ ਸੋਮਵਾਰ ਤੋਂ ਇਨ੍ਹਾਂ ਕੰਮ ’ਤੇ ਜਾਣਾ ਸੀ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪਿੰਡ ਤੋਂ ਬਾਹਰ ਵਾਲੇ ਪਾਸੇ ਸਨ ਅਤੇ ਮੌਕੇ ’ਤੇ ਪ੍ਰਾਪਤ ਜਾਣਕਾਰੀ ਮੁਤਾਬਕ ਇਨ੍ਹਾਂ ਦਾ ਅਜੇ ਤੱਕ ਕਿਸੇ ਨਾਲ ਕੋਈ ਸੰਪਰਕ ਨਹੀਂ ਹੋਇਆ।
ਲੁਧਿਆਣਾ: ਲੁਧਿਆਣਾ ਵਿੱਚ ਕਰੋਨਾਵਾਇਰਸ ਨਾਲ ਇੱਕ ਹੋਰ ਮਹਿਲਾ ਦੀ ਹੋਈ ਮੌਤ ਹੋ ਗਈ। 60 ਸਾਲ ਦੀ ਮਹਿਲਾ ਸੀਐੱਮਸੀ ਹਸਪਤਾਲ ਵਿੱਚ ਦਾਖਲ ਸੀ। ਸਿਵਲ ਸਰਜਨ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਕਰੋਨਾ ਨਾਲ ਮਰੀ ਬਜ਼ੁਰਗ ਔਰਤ ਹੋਰ ਵੀ ਕਈ ਬਿਮਾਰੀਆਂ ਤੋਂ ਪੀੜਤ ਸੀ। ਲੁਧਿਆਣਾ ਵਿੱਚ ਕਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ 10 ਹੋ ਗਈ ਹੈ।