ਚੰਡੀਗੜ੍ਹ (ਸਮਾਜਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ’ਚ ਨਾਪਾਕ ਗਠਜੋੜ ਨੂੰ ਤੋੜਨ ਲਈ ਪੰਜ ਮੈਂਬਰੀ ਆਬਕਾਰੀ ਸੁਧਾਰ ਗਰੁੱਪ ਦਾ ਗਠਨ ਕੀਤਾ ਹੈ। ਇਹ ਗਰੁੱਪ ਸ਼ਰਾਬ ਦੇ ਗ਼ੈਰਕਨੂੰਨੀ ਕਾਰੋਬਾਰ ਵਿਚ ਉਤਪਾਦਕਾਂ, ਥੋਕ ਤੇ ਪਰਚੂਨ ਵਿਕਰੇਤਾਵਾਂ ਵਿਚਾਲੇ ਚੱਲ ਰਹੇ ਗਠਜੋੜ ਦੀ ਤੰਦ ਤੋੜੇਗਾ।
ਆਬਕਾਰੀ ਸੁਧਾਰ ਗਰੁੱਪ ਨੂੰ ਇਸ ਮਾਮਲੇ ਬਾਰੇ ਦੋ ਮਹੀਨਿਆਂ ਵਿਚ ਰਿਪੋਰਟ ਦੇਣ ਦੀ ਹਦਾਇਤ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਗਠਿਤ ਆਬਕਾਰੀ ਸੁਧਾਰ ਗਰੁੱਪ ਵਿਚ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ, ਸੇਵਾ ਮੁਕਤ ਆਈਏਐੱਸ ਅਧਿਕਾਰੀ ਡੀ.ਐੱਸ. ਕੱਲ੍ਹਾ, ਸਲਾਹਕਾਰ ਵਿੱਤੀ ਸਰੋਤ ਵੀ.ਕੇ.ਗਰਗ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਸ਼ਰਾਬ ਦੀ ਨਾਜਾਇਜ਼ ਵਿਕਰੀ ਨੂੰ ਬੰਦ ਕਰਨ ਵਾਸਤੇ ਅਤੇ ਆਬਕਾਰੀ ਮਾਲੀਆ ਵਧਾਉਣ ਲਈ ਸੁਝਾਅ ਵੀ ਦਿੱਤਾ ਜਾਵੇਗਾ।
ਆਬਕਾਰੀ ਸੁਧਾਰ ਗਰੁੱਪ ਵੱਲੋਂ ਖਾਸ ਕਰਕੇ ਆਬਕਾਰੀ ਮਾਲੀਆ ਦੇ ਨੁਕਸਾਨ ਪਿਛਲੇ ਖੱਪਿਆਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ। ਗਰੁੱਪ ਵੱਲੋਂ ਹੋਰਨਾਂ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ, ਜੋ ਕਾਨੂੰਨੀ ਅਤੇ ਪ੍ਰਸ਼ਾਸਨਿਕ ਸੁਧਾਰਾਂ ਲਈ ਮਸ਼ਵਰੇ ਦੇਣਗੇ। ਇਸ ਸਬੰਧੀ ਵਿੱਤ ਮੰਤਰੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਪਹਿਲਾਂ ਹੀ ਸਰਕਾਰ ਨੂੰ ਕੁਝ ਸੁਝਾਅ ਦਿੱਤੇ ਹਨ, ਜਿਨ੍ਹਾਂ ਨੂੰ ਵਿਚਾਰਿਅਾ ਜਾ ਰਿਹਾ ਹੈ।