ਰੰਗਲੀ ਦੁਨੀਆਂ

(ਸਮਾਜਵੀਕਲੀ)

ਵਾਹ ਕਾਦਰ ਦਿਲਦਾਰਾ, ਕੈਸਾ ਖੇਲ ਰਚਾਇਆ ਤੈਂ ।
ਸਾਜ਼ ਕੇ ਰੰਗਲੀ ਦੁਨੀਆਂ, ਕਿਆ ਸੰਸਾਰ ਬਣਾਇਆ ਤੈਂ।
ਰੰਗ ਬਰੰਗੇ ਫੁੱਲ ਤੇ ਪੱਤੇ ਪਰਬਤ ਜੰਗਲ ਬੇਲੇ
ਕੁਦਰਤ ਰਾਣੀ ਇੰਜ ਲੱਗਦਾ ਤੇਰੀ ਬੁੱਕਲ ਦੇ ਵਿਚ ਖੇਲੇ
ਕਲਾਕ੍ਰਿਤੀ ਬਣਾਕੇ ਸੋਹਣੀ, ਸੋਹਣਾ ਰੰਗ ਪਾਇਆ ਤੈਂ
ਸਾਜ਼ ਦੇ ਰੰਗਲੀ . . . . . . .
ਨਦੀਆਂ ਨਹਿਰਾਂ ਝਰਨੇ ਖੜਾ ਸਮੁੰਦਰਾਂ ਦੇ ਵਿਚ ਪਾਣੀ
ਸਮਝੋਂ ਬਾਹਰ ਹੈ ਤੇਰੀ ਦੁਨੀਆਂ ਕਹਿੰਦੀ ਨਾਨਕ ਬਾਣੀ
ਰੰਗ ਅਸਮਾਨੀ ਅਸਮਾਨ ਦਾ, ਕਿੱਥੋਂ ਦੱਸ ਕਰਾਇਆ ਤੈਂ
ਸਾਜ਼  ਦੇ ਰੰਗਲੀ . . . . . . .
ਗਿਣਤੀਂਓ ਬਾਹਰ ਪਰਿੰਦੇ ਪੰਛੀ ਧਰਤੀ ਅੰਬਰ ਉਤੇ
ਧੁੱਪਾਂ ਛਾਵਾਂ ਮੀਹਾਂ ਦੇ ਵਿਚ ਤੂੰ ਹੈ ਹਰ ਇਕ ਰੁੱਤੇ
ਪੱਥਰ ਦੇ ਕੀੜੇ ਦੇ ਤਾਈਂ ਆਪੇ ਰਿਜਕ ਪਹੁੰਚਾਇਆ ਤੈਂ
ਸਾਜ਼  ਦੇ ਰੰਗਲੀ . . . . . .
ਸਾਧਾਂ ਨੂੰ ਤੁੰ ਸਾਧ ਮਿਲਾਵੇਂ ਚੋਰ ਨੂੰ ਚੋਰ ਓਚੱਕੇ
ਓਸ ਦ੍ਰਿਸ਼ਟੀ ਦਾ ਜੱਗ ਦਿਸਦਾ ਜਿਸ ਅੱਖ ਬੰਦਾ ਤੱਕੇ
ਬੰਦੇ ਦੇ ਹੀ ਦਿਲ ਵਿਚ ਆਪਣਾ, ਨੂਰ ਵਸਾਇਆ ਤੈਂ
ਸਾਜ਼  ਦੇ ਰੰਗਲੀ . . . . . . .
ਘੁੱਗੀਆਂ ਮੋਰ ਗਟਾਰਾਂ ਕੋਇਲਾਂ ਬਾਗੀਂ ਗੀਤ ਸੁਣਾਏ
‘ਚੁੰਬਰ’ ਮਹਿਮਾ ਲਿਖੇ ਕੀ ਤੇਰੀ ਸ਼ਬਦ ਸਮਝ ਨਾ ਆਏ
ਆਸਰਾ ਦੇ ਕੇ ਲੱਖ ਜੀਵਾਂ ਨੂੰ, ਜਲ ਦੇ ਵਿਚ ਬਿਠਾਇਆ ਤੈਂ
ਸਾਜ਼  ਦੇ ਰੰਗਲੀ . . . . . . .

 

ਫੋਟੋ : – ਕੁਲਦੀਪ ਚੁੰਬਰ

Previous articleਨਵ ਪ੍ਰਿੰਸ ਦਾ ‘ਗੱਲ ਸੁਣ ਲਾ’ ਸਿੰਗਲ ਟਰੈਕ ਰਿਲੀਜ਼
Next articleਗੁਰੂਆਂ ਦੇ ਆਸ਼ੀਰਵਾਦ ਨਾਲ ਪੰਜਾਬ ਨੂੰ ਹਰਿਆ ਭਰਿਆ ਬਨਾਉਣ ਦਾ ਸੰਕਲਪ – ਦਲਵੀਰ ਹੀਰਾ