ਗੁਹਾਟੀ (ਸਮਾਜਵੀਕਲੀ): ਦੱਖਣੀ ਅਸਾਮ ਦੇ ਬਰਾਕ ਵਾਦੀ ਜ਼ਿਲ੍ਹਿਆਂ ਹੈਲਾਕਾਂਡੀ, ਕਰੀਮਗੰਜ ਤੇ ਕਾਚਰ ਵਿੱਚ ਲਗਾਤਾਰ ਮੀਂਹ ਪੈਣ ਕਰਕੇ ਜ਼ਮੀਨ ਖਿਸਕਣ ਨਾਲ ਘੱਟੋ-ਘੱਟ 21 ਵਿਅਕਤੀ ਹਲਾਕ ਤੇ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਿਲ੍ਹਾ ਪ੍ਰਸ਼ਾਸਨ ਦੇ ਤਰਜਮਾਨ ਨੇ ਕਿਹਾ ਕਿ ਹੈਲਾਕਾਂਡੀ ਜ਼ਿਲ੍ਹੇ ਵਿੱਚ ਬੋਲੋਬਾਬਾਜ਼ਾਰ ਨੇੜੇ ਮੋਹਨਪੁਰ ਖੇਤਰ ਵਿੱਚ ਅੱਜ ਸਵੇਰੇ 6 ਵਜੇ ਦੇ ਕਰੀਬ ਟੀਨ ਦੇ ਬਣੇ ਆਰਜ਼ੀ ਘਰ ਦੇ ਮਿੱਟੀ ਦੇ ਸੈਲਾਬ ਦੀ ਜ਼ੱਦ ਵਿੱਚ ਆਉਣ ਨਾਲ ਦੋ ਬੱਚਿਆਂ ਤੇ ਇਕ ਔਰਤ ਸਮੇਤ ਸੱਤ ਜਣਿਆਂ ਦੀ ਜਾਨ ਜਾਂਦੀ ਰਹੀ ਜਦੋਂਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਥਾਨਕ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਤਰ੍ਹਾਂ ਕਰੀਮਗੰਜ ਤੇ ਕਚਾਰ ਜ਼ਿਲ੍ਹਿਆਂ ਵਿੱਚ ਕ੍ਰਮਵਾਰ ਪੰਜ ਤੇ ਸੱਤ ਵਿਅਕਤੀ ਦਮ ਤੋੜ ਗਏ। ਐੱਸਡੀਆਰਐੱਫ ਦੇ ਅਮਲੇ ਨੇ ਮੌਕੇ ’ਤੇ ਪੁੱਜ ਕੇ ਲਾਸ਼ਾਂ ਨੂੰ ਮਿੱਟੀ ਦੇ ਮਲਬੇ ’ਚੋਂ ਬਾਹਰ ਕੱਢਿਆ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਮੌਤਾਂ ’ਤੇ ਦੁੱਖ ਜਤਾਇਆ ਹੈ।