ਨਵੀਂ ਦਿੱਲੀ (ਸਮਾਜਵੀਕਲੀ): ਸਿਹਤ ਮਾਹਰਾਂ ਦੇ ਸਮੂਹ ਨੇ ਕਿਹਾ ਹੈ ਕਿ ਜੇ ਤਾਲਾਬੰਦੀ ਤੋਂ ਪਹਿਲਾਂ ਪਰਵਾਸੀ ਮਜ਼ਦੂਰਾਂ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਤਾਂ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਸੀ। ਏਮਜ਼, ਜੇਐੱਨਯੂ, ਬੀਐੱਚਯੂ ਅਤੇ ਹੋਰ ਅਦਾਰਿਆਂ ਦੇ ਸਿਹਤ ਮਾਹਿਰਾਂ ਦੀ ਕੋਵਿਡ-19 ਟਾਸਕ ਫੋਰਸ ਦੀ ਰਿਪੋਰਟ ਵਿਚ ਕਿਹਾ ਗਿਆ ਹੈ, “ਪਰਤ ਰਹੇ ਪਰਵਾਸੀ ਹੁਣ ਦੇਸ਼ ਦੇ ਹਰ ਹਿੱਸੇ ਵਿਚ ਵਾਇਰਸ ਲੈ ਕੇ ਜਾ ਰਹੇ ਹਨ।
ਇਹ ਜ਼ਿਆਦਾ ਕਰਕੇ ਉਨ੍ਹਾਂ ਜ਼ਿਲ੍ਹਿਆਂ ਦੇ ਪਿੰਡਾਂ ਤੇ ਕਸਬਿਆਂ ਵਿੱਚ ਜਾ ਰਹੇ ਹਨ ਜਿਥੇ ਕੇਸ ਨਾ ਮਾਤਰ ਸਨ ਤੇ ਸਿਹਤ ਸਹੂਲਤਾ ਵੀ ਨਹੀਂ ਹਨ।” ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ਨ, ਇੰਡੀਅਨ ਐਸੋਸੀਏਸ਼ਨ ਆਫ ਪ੍ਰੀਵੈਂਟਿਵ ਐਂਡ ਸੋਸ਼ਲ ਮੈਡੀਸਨ (ਆਈਏਪੀਐਸਐਮ) ਅਤੇ ਇੰਡੀਅਨ ਐਸੋਸੀਏਸ਼ਨ ਆਫ਼ ਐਪੀਡੈਮੋਲੋਜਿਸਟ (ਆਈਏਈ) ਦੇ ਮਾਹਰਾਂ ਵੱਲੋਂ ਤਿਆਰ ਕੀਤੀ ਇਹ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ 25 ਮਾਰਚ ਤੋਂ 30 ਮਈ ਤੱਕ ਭਾਰਤ ਵਿੱਚ ਦੇਸ਼ ਵਿਆਪੀ ਤਾਲਾਬੰਦੀ ਸਭ ਤੋਂ ਸਖ਼ਤ ‘ਸਖ਼ਤ’ ਸੀ ਪਰ ਇਸ ਦੇ ਬਾਵਜੂਦ ਕੋਵਿਡ-19 ਦੇ ਕੇਸਾ ਦੀ ਗਿਣਤੀ ਵਧੀ।