ਪੇਈਚਿੰਗ (ਸਮਾਜਵੀਕਲੀ): ਚੀਨ ਨੇ ਅੱਜ ਕਿਹਾ ਕਿ ਭਾਰਤ ਨਾਲ ਸਰਹੱਦ ’ਤੇ ਸਥਿਤੀ ‘ਸਥਿਰ ਅਤੇ ਕਾਬੂ ਕੀਤੀ ਜਾ ਸਕਣ ਵਾਲੀ’ ਹੈ ਅਤੇ ਦੋਵਾਂ ਮੁਲਕਾਂ ਕੋਲ ਮਸਲਿਆਂ ਦਾ ਹੱਲ ਗੱਲਬਾਤ ਅਤੇ ਸਲਾਹ-ਮਸ਼ਵਰੇ ਰਾਹੀਂ ਕਰਨ ਲਈ ਢੁਕਵਾਂ ਤੰਤਰ ਅਤੇ ਸਾਧਨ ਮੌਜੂਦ ਹਨ। ਵਿਦੇਸ਼ ਮੰਤਰਾਲੇ ਦੀਆਂ ਇਹ ਟਿੱਪਣੀਆਂ ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ’ਤੇ ਲਗਾਤਾਰ ਬਣੀ ਤਣਾਅ ਵਾਲੀ ਸਥਿਤੀ ਦੌਰਾਨ ਆਈਆਂ ਹਨ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਹਾਓ ਲੀਜੀਆਨ ਨੇ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਹੱਦਾਂ ਸਬੰਧੀ ਮਸਲਿਆਂ ’ਤੇ ਚੀਨ ਦੀ ਸਥਿਤੀ ਸਪੱਸ਼ਟ ਅਤੇ ਇਕਸਾਰ ਰਹੀ ਹੈ। ਚੀਨੀ ਸਦਰ ਸ਼ੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੋ ਗੈਰ-ਰਸਮੀ ਸੰਮੇਲਨਾਂ ਮਗਰੋਂ ਦਿੱਤੇ ਆਦੇਸ਼ਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, ‘‘ਦੋਵਾਂ ਆਗੂਆਂ ਵਿਚਾਲੇ ਹੋਈ ਸਹਿਮਤੀ ਦੀ ਅਸੀਂ ਲਗਾਤਾਰ ਪਾਲਣਾ ਕਰ ਰਹੇ ਹਾਂ ਅਤੇ ਦੋਵਾਂ ਮੁਲਕਾਂ ਵਿਚਾਲੇ ਹੋਏ ਸਮਝੌਤਿਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।’’
ਜ਼ਹਾਓ ਨੇ ਕਿਹਾ, ‘‘ਅਸੀਂ ਆਪਣੀ ਪ੍ਰਭੂਸੱਤਾ ਅਤੇ ਹੱਦਾਂ ਦੀ ਰੱਖਿਆ ਕਰਨ, ਸਰਹੱਦੀ ਖੇਤਰਾਂ ਵਿੱਚ ਅਮਨ-ਸ਼ਾਂਤੀ ਅਤੇ ਸਥਿਰਤਾ ਲਈ ਵੱਚਨਬੱਧ ਹਾਂ। ਹੁਣ ਚੀਨ-ਭਾਰਤ ਸਰਹੱਦੀ ਖੇਤਰ ਵਿੱਚ ਹਾਲਾਤ ਕੁੱਲ ਮਿਲਾ ਕੇ ਸਥਿਰ ਅਤੇ ਕਾਬੂ ਕੀਤੇ ਜਾ ਸਕਣ ਵਾਲੇ ਹਨ।’’ ਸਰਹੱਦ ’ਤੇ ਤਣਾਅ ਘਟਾਉਣ ਲਈ ਕੂਟਨੀਤਕ ਕੋਸ਼ਿਸ਼ਾਂ ਜਾਰੀ ਹੋਣ ਦੀਆਂ ਰਿਪੋਰਟਾਂ ਦੀ ਪੁਸ਼ਟੀ ਕਰਦਿਆਂ ਜ਼ਹਾਓ ਨੇ ਕਿਹਾ, ‘‘ਦੋਵਾਂ ਮੁਲਕਾਂ ਵਿਚਾਲੇ ਸਰਹੱਦਾਂ ਸਬੰਧੀ ਢੁਕਵਾਂ ਤੰਤਰ ਅਤੇ ਸੰਚਾਰ ਸਾਧਨ ਮੌਜੂਦ ਸਨ। ਅਸੀਂ ਗੱਲਬਾਤ ਅਤੇ ਸਲਾਹ-ਮਸ਼ਵਰੇ ਰਾਹੀਂ ਮਸਲੇ ਹੱਲ ਕਰਨ ਦੇ ਸਮਰੱਥ ਹਾਂ।’’