ਚੰਡੀਗੜ੍ਹ (ਸਮਾਜਵੀਕਲੀ) : ਪਿੰਡ ਡੱਡੂਮਾਜਰਾ ਵਿੱਚ ਤਿੰਨ ਦਿਨਾਂ ਦੀ ਬੱਚੀ ਦੀ ਮੌਤ ਹੋ ਗਈ ਹੈ। ਡਾਕਟਰਾਂ ਨੇ ਜਦੋਂ ਇਸ ਬੱਚੀ ਦੇ ਸੈਂਪਲ ਜਾਂਚ ਲਈ ਭੇਜੇ ਤਾਂ ਰਿਪੋਰਟ ਵਿੱਚ ਉਸ ਨੂੰ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ। ਇਸ ਬੱਚੀ ਦੀ ਮਾਂ ਨੇ ਤਿੰਨ ਪਹਿਲਾਂ ਹੀ ਸੈਕਟਰ-22 ਦੇ ਸਿਵਲ ਹਸਪਤਾਲ ਵਿੱਚ ਉਸਨੂੰ ਜਨਮ ਦਿੱਤਾ ਸੀ। ਚੰਡੀਗੜ੍ਹ ਵਿੱਚ ਕਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਬੱਚੀ ਦੀ ਮੌਤ ਉਪਰੰਤ ਸਿਹਤ ਵਿਭਾਗ ਨੇ ਸੈਕਟਰ-22 ਦੀ ਡਿਸਪੈਂਸਰੀ ਦੇ ਸਟਾਫ ਅਤੇ ਬੱਚੀ ਦੀ ਮਾਤਾ ਦੇ ਸੈਂਪਲ ਲੈਣ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਥੇ ਸੈਕਟਰ-26 ਸਥਿਤ ਬਾਪੂਧਾਮ ਕਲੋਨੀ ਵਿੱਚ ਕਰੋਨਾਵਾਇਰਸ ਦੀ ਲਾਗ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਯੂਟੀ ਦੇ ਸਿਹਤ ਵਿਭਾਗ ਅਨੁਸਾਰ ਕਲੋਨੀ ਵਾਸੀਆਂ ਵੱਲੋਂ ਕੋਵਿਡ ਦੇ ਬਚਾਅ ਲਈ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅੱਜ ਇਸ ਕਲੋਨੀ ਦੇ 23 ਹੋਰ ਵਿਅਕਤੀਆਂ ਦੀਆਂ ਕਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿੱਚ ਕਰੋਨਾ ਕੇਸਾਂ ਦਾ ਕੁੱਲ ਅੰਕੜਾ 256 ’ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਅੱਜ ਸੱਤ ਮਰੀਜ਼ ਡਿਸਚਾਰਜ ਹੋਏ ਹਨ।
ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰ ਸਮੇਂ ਕਲੋਨੀ ਦੇ 5 ਮਰੀਜ਼ਾਂ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ। ਇਨ੍ਹਾਂ ਵਿੱਚ 18 ਸਾਲਾਂ ਦੇ ਲੜਕੇ ਸਮੇਤ ਚਾਰ ਔਰਤਾਂ ਸ਼ਾਮਲ ਸਨ। ਬਾਅਦ ਦੁਪਹਿਰ ਆਈ ਰਿਪੋਰਟ ਮੁਤਾਬਕ ਇਸ ਕਲੋਨੀ ਦੇ ਇੱਕੋ ਪਰਿਵਾਰ ਦੇ 6 ਮੈਂਬਰਾਂ ਨੂੰ ਵੀ ਕਰੋਨਾਵਾਇਰਸ ਹੋਣ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਇੱਕ ਹੋਰ ਪਰਿਵਾਰ ਵਿੱਚ ਦੋ ਸਾਲਾਂ ਦਾ ਬੱਚਾ, 14 ਸਾਲਾਂ ਦੀ ਬੱਚੀ ਅਤੇ 23 ਸਾਲਾਂ ਦੀ ਔਰਤ ਅਤੇ ਇਕ ਹੋਰ ਪਰਿਵਾਰ ਵਿੱਚੋਂ 56 ਸਾਲਾਂ ਦਾ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ।
ਚੰਡੀਗੜ੍ਹ ਵਿੱਚ ਹੁਣ ਤੱਕ 186 ਕਰੋਨਾ ਮਰੀਜ਼ ਡਿਸਚਾਰਜ ਹੋ ਚੁੱਕੇ ਹਨ ਤੇ ਚਾਰ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ। ਇਸੇ ਦੌਰਾਨ ਐਕਟਿਵ ਕੇਸਾਂ ਦੀ ਗਿਣਤੀ 67 ਹੈ। ਕਰੋਨਾ ਵਾਇਰਸ ਤੋਂ ਪੀੜਤ 7 ਮਰੀਜ਼ਾਂ ਦੇ ਠੀਕ ਹੋਣ ਦਾ ਵੀ ਸਮਾਚਾਰ ਹੈ। ਸਿਹਤ ਵਿਭਾਗ ਦੀ ਜਾਣਕਾਰੀ ਮੁਤਾਬਕ ਅੱਜ 7 ਹੋਰ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਡਿਸਚਾਰਜ ਕਰਕੇ ਘਰ ਭੇਜ ਦਿੱਤਾ ਗਿਆ ਹੈ। ਇਨ੍ਹਾਂ 7 ਮਰੀਜ਼ਾਂ ਵਿੱਚ 6 ਮਹੀਨੇ ਦੀ ਛੋਟੀ ਬੱਚੀ, 25-25 ਸਾਲ ਦੀਆਂ ਦੋ ਔਰਤਾਂ, 7 ਸਾਲ ਦੇ ਬੱਚੇ ਸਮੇਤ 32, 35 ਅਤੇ 44 ਸਾਲਾ ਵਿਅਕਤੀ ਸ਼ਾਮਿਲ ਹਨ।