(ਸਮਾਜ ਵੀਕਲੀ)
ਚੱਲ ਅੱਜ ਤੈਨੂੰ ਕਿਤੇ ਘੁੰਮਾਂ ਕੇ ਲਿਆਉਂਦਾ ਹਾਂ। ਤੂੰ ਵੀ ਕਹੇਂਗੀ ਕਿ ਕਿੱਦਾਂ ਦਾ ਘਰਵਾਲ਼ਾ ਮਿਲ਼ ਗਿਆ। ਹਨੀਮੂਨ ਤਾਂ ਦੂਰ ਦੀ ਗੱਲ ਕਿਤੇ ਨੇੜੇ ਤੇੜੇ ਵੀ ਘੁੰਮਾਉਣ ਨਹੀਂ ਲੈ ਕੇ ਗਿਆ। ਮਨਪ੍ਰੀਤ ਨੇ ਕੁੱਝ ਕੁ ਜਕਦਿਆਂ ਆਪਣੀ ਨਵੀਂ ਨਵੇਲੀ ਘਰਵਾਲ਼ੀ ਨੂੰ ਕਿਹਾ।
ਨਹੀਂ, ਨਹੀਂ,ਜੀ । ਏਹੋ ਜਿਹੀ ਤਾਂ ਕੋਈ ਗੱਲ ਨਹੀਂ ਹੈ। ਜਦੋਂ ਤੁਹਾਡੇ ਕੋਲ ਸਮਾਂ ਹੋਇਆ ਓਦੋਂ ਘੁੰਮ ਆਵਾਂਗੇ। ਕੰਮ ਵੀ ਜ਼ਰੂਰੀ ਹੈ। ਮੈਂ ਬਿਲਕੁੱਲ ਠੀਕ ਹਾਂ। ਤੁਸੀਂ ਮੇਰੀ ਫ਼ਿਕਰ ਨਾ ਕਰੋ।
ਪਤਨੀ ਗੁਰਪ੍ਰੀਤ ਨੇ ਪਿਆਰ ਨਾਲ਼ ਕਿਹਾ। ਓਹ,ਦਰਅਸਲ ਵਿਆਹ ਵਿੱਚ ਬਜ਼ਟ ਤੋਂ ਕੁੱਝ ਵਧੇਰੇ ਹੀ ਖਰਚਾ ਹੋ ਗਿਆ ਤੇ ਏਸੇ ਕਰਕੇ ਮੈਂ ਹਨੀਮੂਨ ਲਈ ਕੋਈ ਵਧੀਆ ਯੋਜਨਾ ਨਹੀਂ ਬਣਾ ਸਕਿਆ। ਉੱਤੋਂ ਕੰਮ ਤੋਂ ਵੀ ਕਾਫ਼ੀ ਛੁੱਟੀਆਂ ਹੋ ਗਈਆਂ ਤੇ ਜੇਕਰ ਹੁਣ ਛੁੱਟੀਆਂ ਲਵਾਂਗਾ ਤਾਂ ਤਨਖਾਹ ‘ਚੋਂ ਕੁੱਝ ਪੱਲੇ ਨਹੀ ਪੈਣਾ। ਇਸ ਲਈ….. ਮਨਪ੍ਰੀਤ ਸ਼ਰਮਿੰਦਾ ਜਿਹਾ ਹੋ ਕੇ ਬੋਲਿਆ।
ਕੋਈ ਗੱਲ ਨਹੀਂ ਜੀ। ਤੁਸੀਂ ਹਜੇ ਮਨ ਲਗਾ ਕੇ ਕੰਮ ਕਰੋ। ਜਦੋਂ ਸੰਭਵ ਹੋਇਆ ਚੱਲ ਪਵਾਂਗੇ ਕਿਤੇ। ਵੈਸੇ ਕਿਤੇ ਜਾਣਾ ਕੋਈ ਜ਼ਰੂਰੀ ਵੀ ਨਹੀਂ ਹੈ। ਸੱਭ ਤੋਂ ਪਹਿਲਾਂ ਅਸੀਂ ਦੋਵਾਂ ਨੇ ਮਿਲ਼ ਕੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭਾਲਣੀ ਹੈ। ਗੁਰਪ੍ਰੀਤ ਨੇ ਪਿਆਰ ਨਾਲ਼ ਕਿਹਾ।
ਤੂੰ ਤਾਂ ਬਹੁਤ ਸਮਝਦਾਰ ਹੈਂ। ਪਰ ਫੇਰ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੇਰੇ ਸਾਰੇ ਸ਼ੌਂਕ ਤੇ ਸੁਪਨੇ ਪੂਰੇ ਕਰ ਸਕਾਂ। ‘ਤੇ ਹਾਂ….! ਅੱਜ ਆਪਾਂ ਰਾਤ ਦੀ ਰੋਟੀ ਬਾਹਰ ਖਾ ਕੇ ਆਵਾਂਗੇ। ਤੂੰ ਤਿਆਰ ਰਹੀਂ। ਐਨਾ ਤਾਂ ਮੈਂ ਕਰ ਹੀ ਸਕਦਾ ਹਾਂ। ਮਨਪ੍ਰੀਤ ਦਾ ਮਨ ਖੁਸ਼ੀ ਨਾਲ਼ ਭਰ ਗਿਆ ਸੀ।
ਜੀ, ਉਹ ਤਾਂ ਠੀਕ ਹੈ। ਪਰ ਤੁਹਾਨੂੰ ਮੇਰੀ ਪਸੰਦ ਦੀ ਜਗ੍ਹਾ ਤੇ ਚੱਲਣਾ ਪਵੇਗਾ। ਗੁਰਪ੍ਰੀਤ ਹੱਸਦੇ ਹੋਏ ਬੋਲੀ।
ਠੀਕ ਹੈ……. ਸੋਚਦਿਆਂ ਹੋਇਆਂ ਮਨਪ੍ਰੀਤ ਕੰਮ ਤੇ ਚਲਾ ਗਿਆ। ਪਤਾ ਨਹੀਂ ਗੁਰਪ੍ਰੀਤ ਕਿੱਥੇ ਜਾਣ ਲਈ ਕਹੇਗੀ! ਜੇ ਕਿਤੇ ਪੈਸੇ ਘੱਟ ਗਏ ਤਾਂ ਉਹ ਕੀ ਸੋਚੇਗੀ ਮੇਰੇ ਬਾਰੇ। ਇਹ ਸੋਚ ਕੇ ਉਸਨੇ ਇੱਕ ਦੋਸਤ ਤੋਂ ਕੁੱਝ ਰੁਪਏ ਉਧਾਰ ਫੜ ਲਏ।
ਸ਼ਾਮ ਨੂੰ ਮਨਪ੍ਰੀਤ ਘਰ ਪਹੁੰਚਿਆ ਤਾਂ ਗੁਰਪ੍ਰੀਤ ਸੋਹਣਾ ਸੂਟ ਪਾ ਕੇ ਤਿਆਰ ਹੋ ਰਹੀ ਸੀ। ਤਿਆਰ ਹੋ ਕੇ ਦੋਵੇਂ ਬਾਹਰ ਨਿਕਲੇ ਤਾਂ ਮਨਪ੍ਰੀਤ ਨੇ ਪੁੱਛਿਆ, ਹਾਂਜੀ ਦੱਸੋ ਜਨਾਬ ਕਿੱਥੇ ਜਾਣਾ ਹੈ?
” ਗੁਰਦੁਆਰੇ।” ਗੁਰਪ੍ਰੀਤ ਸ਼ਾਂਤ ਚਿੱਤ ਹੋ ਕੇ ਬੋਲੀ।
ਹੈਂ! ਗੁਰੂਦੁਵਾਰੇ..? ਮਨਪ੍ਰੀਤ ਨੇ ਹੈਰਾਨੀ ਨਾਲ ਕਿਹਾ।
ਹਾਂਜੀ, ਗੁਰੂਦਵਾਰੇ। ਅਸੀਂ ਵਿਆਹ ਤੋਂ ਬਾਅਦ ਪਹਿਲੀ ਵਾਰ ਬਾਹਰ ਜਾ ਰਹੇ ਹਾਂ। ਇਸ ਲਈ ਸੱਭ ਤੋਂ ਪਹਿਲਾਂ ਅਸੀਂ ਗੁਰੂਦਵਾਰੇ ਮੱਥਾ ਟੇਕਣ ਜਾਵਾਂਗੇ। ਤੇ ਉੱਥੇ ਹੀ ਅੰਮ੍ਰਿਤ ਵਰਗਾ ਲੰਗਰ ਛਕਾਂਗੇ। ਮੇਰੀ ਤਾਂ ਇਹੀ ਇੱਛਾ ਹੈ, ਬਾਕੀ ਜਿਵੇਂ ਤੁਹਾਡੀ ਮਰਜ਼ੀ। ਗੁਰਪ੍ਰੀਤ ਨੇ ਹੱਥ ਜੋੜ ਕੇ ਤੇ ਅੱਖਾਂ ਬੰਦ ਕਰਕੇ ਕਿਹਾ।
ਵਾਹ…! ਐਡੀ ਉੱਚੀ ਸੁੱਚੀ ਸੋਚ। ਮਨਪ੍ਰੀਤ ਨੇ ਐਨਾ ਹੀ ਕਿਹਾ। ਹੁਣ ਉਹ ਮੋਟਸਾਈਕਲ ਸਟਾਰਟ ਕਰਕੇ ਸਾਰੀਆਂ ਫ਼ਿਕਰਾਂ ਤੇ ਸੋਚਾਂ ਤੋਂ ਮੁਕਤ ਹੋ ਕੇ ਗੁਰਪ੍ਰੀਤ ਨਾਲ ਗੁਰੂਦੁਆਰੇ ਵੱਲ ਚੱਲ ਪਿਆ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly