ਲੁਧਿਆਣਾ,(ਸਮਾਜਵੀਕਲੀ)- ਅੱਜ ਡਾ. ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਰੰਗੀਲ ਸਿੰਘ ਖੇਤੀਬਾੜੀ ਅਫ਼ਸਰ, ਸਮਰਾਲਾ ਜੀ ਦੀ ਅਗਵਾਈ ਹੇਠ ਪਿੰਡ ਸਲੋਦੀ ਵਿਖੇ ਮੈਟ ਟਾਇਪ ਪਨੀਰੀ ਤਿਆਰ ਕਰਨ ਸੰਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ।ਇਸ ਮੌਕੇ ਡਾ. ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਮਜ਼ਦੂਰਾਂ ਦੀ ਘਾਟ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੀ ਲਵਾਈ ਵਾਲੀਆਂ ਮਸ਼ੀਨਾਂ ਸਬਸਿਡੀ ਤੇ ਦਿੱਤ ਜਾ ਰਹੀਆਂ ਹਨ। ਇਸ ਮੌਕੇ ਓਹਨਾ ਬੀਜ ਦੀ ਮਾਤਰਾ, ਬੀਜ ਨੂੰ ਸੋਧਣ ਅਤੇ ਪਨੀਰੀ ਦੇ ਮੈਂਟ ਨੂੰ ਪਾਣੀ ਲਗਾਉਣ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਡਾ. ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਕਿਸਾਨ ਵੀਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਜਰੂਰੀ ਨੁਕਤਿਆਂ ਨੂੰ ਧਿਆਨ ਵਿੱਚ ਰੱਖਣ ਦੀ ਸਲਾਹ ਵੀ ਦਿੱਤੀ। ਉਹਨਾਂ ਸਿੱਧੀ ਬਿਜਾਈ ਲਈ ਖੇਤ ਦੋ ਵਾਰ ਰੌਣੀ ਕਰਨ ਅਤੇ ਲੇਜ਼ਰ ਕਰਾਹ ਨਾਲ ਪੱਧਰ ਕਰਵਾਉਣ ਲਈ ਕਿਹਾ। ਝੋਨੇ ਦੀ ਸਿੱਧੀ ਬਿਜਾਈ ਲਈ ਬੀਜ ਦੀ ਮਾਤਰਾ 8 ਕਿਲੋ ਪ੍ਰਤੀ ਏਕੜ ਅਤੇ ਡੂੰਘਾਈ 1.25 ਇੰਚ ਹੋਣੀ ਚਾਹੀਦੀ ਹੈ।
ਉਹਨਾਂ ਕਿਸਾਨ ਵੀਰਾਂ ਨੂੰ ਬਿਜਾਈ ਉਪਰੰਤ ਪੈਡੀਮੈਥਲੀਨ ਨਦੀਨ ਨਾਸ਼ਕ ਦਾ ਇਕ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਸ਼ਾਮ ਦੇ ਵੇਲੇ ਛਿੜਕਾਅ ਕਰਨ ਲਈ ਕਿਹਾ। ਓਹਨਾਂ ਦੱਸਿਆ ਕਿ ਬਿਜਾਈ ਵੇਲੇ ਕਿਸੇ ਵੀ ਤਰ੍ਹਾਂ ਦੀ ਖ਼ਾਦ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਬਿਜਾਈ ਤਰ ਵਤਰ ਵਿੱਚ ਅਤੇ ਪਹਿਲਾ ਪਾਣੀ ਇੱਕਵੀਂ ਦਿਨ ਲਗਾਉਣ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀ ਸਿਫਾਰਸ਼ ਨੂੰ ਕਿਸਾਨ ਵੀਰ ਧਿਆਨ ਵਿੱਚ ਰੱਖਣ। ਉਹਨਾਂ ਵਿਭਾਗ ਵੱਲੋਂ ਕਿਸਾਨ ਵੀਰਾਂ ਨੂੰ ਝੋਨੇ ਦੀ ਲਵਾਈ 10 ਜੂਨ ਤੋਂ ਪਹਿਲਾਂ ਨਾ ਕਰਨ ਦੀ ਆਪੀਲ ਵੀ ਕੀਤੀ। ਇਸ ਮੌਕੇ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਸਿਕੰਦਰ ਸਿੰਘ, ਇੰਦਰਜੀਤ ਸਿੰਘ, ਲਖਵੀਰ ਸਿੰਘ, ਮੇਜਰ ਸਿੰਘ, ਮਨਦੀਪ ਸਿੰਘ ਬਰਧਾਲਾ, ਸੰਦੀਪ ਸਿੰਘ ਅਤੇ ਪਰਮਜੀਤ ਸਿੰਘ ਆਦਿ ਹਾਜ਼ਿਰ ਸਨ।