ਲੁਧਿਆਣਾ (ਸਮਾਜਵੀਕਲੀ-ਹਰਜਿੰਦਰ ਛਾਬੜਾ) – ਪੰਜਾਬ ਦੇ ਸਾਬਕਾ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਸਵ. ਗੁਰਦਾਸ ਸਿੰਘ ਬਾਦਲ ਨੂੰ ਇਹ ਮਾਣ ਹਾਸਲ ਸੀ ਕਿ ਉਨ੍ਹਾਂ ਦੇ ਆਪਣੇ ਭਰਾ ਬਾਦਲ ਨੂੰ 5 ਵਾਰ ਪੰਜਾਬ ਦੇ ਮੁੱਖ ਮੰਤਰੀ ਬਣਾਉਣ ’ਚ ਵੱਡੀ ਭੂਮਿਕਾ ਨਿਭਾਈ। ਕੇਵਲ 2017 ਦੀਆਂ ਚੋਣਾਂ ’ਚ ਹੀ ਬਾਦਲ ਖਿਲਾਫ ਹੋਏ ਸਨ। ਸਵ. ਗੁਰਦਾਸ ਬਾਦਲ ਦੀ ਜਿੱਥੇ ਪੰਜਾਬ ਦੇ ਕਈ ਜ਼ਿਲਿਆਂ ’ਚ ਪਕੜ ਸੀ ਪਰ ਲੁਧਿਆਣਾ ਜ਼ਿਲੇ ਦੇ ਕਸਬਾ ਜਗਰਾਓਂ ਦੇ ਸਾਬਕਾ ਵਿਧਾਇਕ ਭਾਗ ਸਿੰਘ ਮੱਲਾ ਨਾਲ ਲੋਹੜੇ ਦਾ ਪਿਆਰ ਸੀ।
ਸਵ. ਗੁਰਦਾਸ ਬਾਦਲ ਦੇ ਵਿਛੋੜੇ ਨੇ ਜਿੱਥੇ ਸਮੁੱਚੇ ਬਾਦਲ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਉੱਥੇ ਉਨ੍ਹਾਂ ਦੇ ਵੱਡੇ ਭਰਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੈਰਾਗਮਈ ਅਵਸਥਾ ’ਚ ਲਿਆ ਕੇ ਭੁੱਬਾਂ ਮਾਰ ਕੇ ਰੋਣ ਅਤੇ ਇਹ ਆਖਣ ਲਈ ਮਜਬੂਰ ਕਰ ਦਿੱਤਾ ਕਿ ਤੂੰ ਛੋਟਾ ਸੀ, ਤੂੰ ਮੇਰੇ ਤੋਂ ਪਹਿਲਾਂ ਕਿਉਂ ਚਲਿਆ ਗਿਆ। ਭਾਵੇਂ ਸਵਰਗਵਾਸੀ ਸ. ਬਾਦਲ ਇਕ ਵਾਰ ਐੱਮ. ਪੀ. ਰਹੇ ਪਰ ਉਨ੍ਹਾਂ ਦੀ ਹਲਕੇ ਅਤੇ ਪੰਜਾਬ ’ਚ ਖੂਬ ਤੂਤੀ ਬੋਲਦੀ ਸੀ। ਸ. ਬਾਦਲ ਗੁਰਦਾਸ ਸਿੰਘ ਬਾਦਲ ਨੂੰ ਆਪਣਾ ਪਰਛਾਵਾਂ ਮੰਨਦੇ ਸਨ। ਇਲਾਕੇ ਦੇ ਲੋਕ ਵੀ ਸ. ਬਾਦਲ ਨਾਲੋਂ ਜ਼ਿਆਦਾ ਕੰਮ ਗੁਰਦਾਸ ਸਿੰਘ ਬਾਦਲ ਤੋਂ ਕਰਵਾਉਂਦੇ ਸਨ। ਹੁਣ ਉਨ੍ਹਾਂ ਦੇ ਜਾਣ ਤੋਂ ਬਾਅਦ ਅਕਾਲੀਆਂ ਅਤੇ ਕਾਂਗਰਸ ਦੋਵਾਂ ਪਾਰਟੀਆਂ ਸੋਗ ’ਚ ਹਨ ਕਿਉਂਕਿ ਉਨ੍ਹਾਂ ਦਾ ਬੇਟਾ ਮਨਪ੍ਰੀਤ ਬਾਦਲ ਕੈਪਟਨ ਸਰਕਾਰ ’ਚ ਖਜ਼ਾਨਾ ਮੰਤਰੀ ਹੈ, ਜਦੋਂ ਕਿ ਉਸ ਦਾ ਤਾਇਆ ਸ. ਬਾਦਲ ਸ਼੍ਰੋਮਣੀ ਅਕਾਲੀ ਦਾ ਸਰਪ੍ਰਸਤ ਹੈ।