(ਸਮਾਜ ਵੀਕਲੀ)
ਰੱਬ ਦੀਆਂ ਝਲਕਾਂ ਪੈਂਦੀਆਂ ਸੀ ਜੀਹਦੀ ਦੀਦ ਵਿੱਚੋਂ
ਅਨਭੋਲ ਜਿਹਾ ਉਹ ਚੇਹਰਾ ਚੇਤੇ ਆਉਂਦਾ ਏ
ਦਿਲ ਕਰਦਾ ਏ ਜਿੰਦ ਵੇਚ ਕੇ ਬਚਪਨ ਲੈ ਆਵਾਂ
ਮੈਨੂੰ ਜਦ ਨਾਨੀ ਦਾ ਵੇਹੜਾ ਚੇਤੇ ਆਉਂਦਾ ਏ
ਉਹ ਸਾਦ-ਮੁਰਾਦੀ ਮੂਰਤ,ਖਿੜ ਖਿੜ ਰਹਿੰਦੀ ਸੀ
ਓਹਨੂੰ ਸਾਰੇ ਟੱਬਰ ਦੀ ਫਿਕਰ ਜਿਹੀ ਬਸ ਰਹਿੰਦੀ ਸੀ
ਉੱਠ ਤੜਕੇ ਤੋਂ ਆਥਣ ਤੱਕ ਕੰਮ ਨਾ ਮੁਕਦੇ ਸੀ
ਦੇਹ ਚਲਦੀ ਚੰਗੀ ਸਭਨੂੰ ਹਸ ਕੇ ਕਹਿੰਦੀ ਸੀ
ਓਹਦੇ ਨੈਣਾਂ ਵਿੱਚ ਸੀ ਮਮਤਾ ਦੇ ਦਰਿਆ ਵਗਦੇ
ਵਿੱਚ ਤਿਰਦਾ ਮੋਹ ਦਾ ਬੇੜਾ ਚੇਤੇ ਆਉਂਦਾ ਏ
ਓਹਨ੍ਹੇ ਜਦ ਵੀ ਆਉਣਾ,ਨਿੱਕ ਸੁੱਕ ਚੁੱਕ ਲਿਆਉਂਦੀ ਸੀ
ਮਮਤਾ ਦੀ ਮਾਰੀ,ਉਹ ਪਹਿਲੀ ਬਸ ਚੜ ਆਉਂਦੀ ਸੀ
ਜਦ ਤੱਕ ਨਾ ਸਕੂਲੋਂ ਆ ਕੇ ਉਹਨੂੰ ਮਿਲਦੇ ਅਸੀਂ
ਉਹ ਚਾਹ ਪਾਣੀ ਨਾ ਮੂੰਹ ਨੂੰ ਚੱਜ ਨਾਲ ਲਾਉਂਦੀ ਸੀ
ਫਿਰ ਸਿਰ ਪਲੋਸ ਕੇ ਬੁੱਕਲ ਵਿੱਚ ਭਰ ਲੈਂਦੀ ਉਹ
ਕੱਢ ਝੋਲੇ ਚੋਂ ਦਿੱਤਾ ਪੇੜਾ ਚੇਤੇ ਆਉਂਦਾ ਏ
ਝੁਰੀਆਂ ਚੋਂ ਅਤੀਤ ਓਹਦਾ ਜਿਉਂ ਪਿਆ ਝਾਤੀ ਮਾਰੇ
ਗੱਲਾਂ ਕਰਨੀਆਂ ਮਿੱਠੀਆਂ, ਤਕਣੇ ਮਹਿਲ ਮੁਨਾਰੇ
ਤੜਕੇ ਨੂੰ ਓਹਨ੍ਹੇ ਮੁੜਨ ਲਈ ਜਦ ਝੋਲਾ ਚੁੱਕਣਾ
ਫੜ ਪੱਲਾ ਤਰਲੇ ਪਾਉਂਦੇ ਅਸੀਂ ਜਵਾਕ ਸੀ ਸਾਰੇ
ਸਗੋਂ ਇੱਕ ਦਿਨ ਹੋਰ ਰੋਕਦੇ ਕਰਮਾਂ ਵਾਲੀ ਨੂੰ
ਓਹਦੇ ਮੁੱਖ ਤੇ ਆਇਆ ਖੇੜਾ ਚੇਤੇ ਆਉਂਦਾ ਏ
ਇੱਕ ਦਿਨ ਚੁੱਪ ਚਪੀਤੇ ਜੱਗ ਤੋਂ ਟੁਰ ਗਈ ਓਹ
ਰੱਬ ਵਰਗੀ ਫਿਰ ਰੱਬ ਦੇ ਘਰ ਨੂੰ ਮੁੜ ਗਈ ਓਹ
ਅੱਜ ਸਭ ਕੁੱਝ ਕੋਲ਼ ਹੈ ਸਾਡੇ ਕੋਈ ਘਾਟ ਨਹੀਂ
ਬੱਸ ਇੱਕੋ ਗੱਲ ਦਾ ਦੁੱਖ ਹੈ ਕਾਹਨੂੰ ਥੁੜ ਗਈ ਓਹ
“ਮੁਸਾਫ਼ਿਰ” ਸਾਰੇ ਰਾਹ ਦੁਨੀਆਂ ਦੇ ਭੁੱਲ ਜਾਈਏ
ਜਦ ਨਾਨਕੇ ਪਿੰਡ ਦਾ ਗੇੜਾ ਚੇਤੇ ਆਉਂਦਾ ਏ
ਨਰਪਿੰਦਰ ਸਿੰਘ ਮੁਸਾਫ਼ਿਰ,ਖਰੜ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly