ਜਦੋਂ ਤੋਂ ਸਤਿਕਾਰਯੋਗ ਸ੍ਰੀ ਕ੍ਰਿਸ਼ਨ ਕੁਮਾਰ ਜੀ (ਆਈ.ਏ.ਐੱਸ.) ਨੇ ਸਕੱਤਰ ਸਕੂਲ ਸਿੱਖਿਆ ਪੰਜਾਬ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਸਿੱਖਿਆ – ਜਗਤ ਵਿੱਚ ਅਨੇਕਾਂ ਸ਼ਲਾਘਾਯੋਗ ਤਬਦੀਲੀਆਂ ਦੇਖਣ ਨੂੰ ਮਿਲੀਆਂ ਹਨ। ਅੱਜ ਜਦੋਂ ਸਮੁੱਚੇ ਵਿਸ਼ਵ ਵਿੱਚ ਕਰੋਨਾ ਮਹਾਂਮਾਰੀ ਨੇ ਹਰ ਖੇਤਰ ‘ਤੇ ਆਪਣਾ ਮਾਰੂ ਪ੍ਰਭਾਵ ਪਾਇਆ ਹੈ, ਉੱਥੇ ਹੀ ਸਿੱਖਿਆ ਖੇਤਰ ਵੀ ਇਸ ਪ੍ਰਭਾਵ ਤੋਂ ਵਾਂਝਾ ਨਹੀਂ ਰਹਿ ਸਕਿਆ , ਪ੍ਰੰਤੂ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੀ ਦੂਰਦਰਸ਼ੀ ਅਤੇ ਨਿਵੇਕਲੀ ਸੋਚ ਤੇ ਸਮੂਹ ਅਧਿਆਪਕ ਸਾਹਿਬਾਨ ਅਤੇ ਅਫ਼ਸਰ ਸਾਹਿਬਾਨ ਦੇ ਸਹਿਯੋਗ ਨਾਲ ਸਿੱਖਿਆ ਖੇਤਰ ਵਿੱਚ ਆਨਲਾਈਨ – ਸਿੱਖਿਆ ਦੀ ਇੱਕ ਨਵੀਂ ਪਹਿਲਕਦਮੀ ਹੋਂਦ ਵਿੱਚ ਆਈ ਹੈ । ਸਮੂਹ ਅਧਿਆਪਕ ਸਾਹਿਬਾਨ ਵਟਸਐਪ ਗਰੁੱਪਾਂ, ਯੂ – ਟਿਊਬ, ਟੀ.ਵੀ. ਚੈਨਲ, ਰੇਡੀਓ ਦੇ ਮਾਧਿਅਮ ਅਤੇ ਹੋਰ ਵੱਖ – ਵੱਖ ਸੋਸ਼ਲ ਮੀਡੀਆ ਦੇ ਸਾਧਨਾਂ ਰਾਹੀਂ ਬੱਚਿਆਂ ਤੱਕ ਆਪਣਾ ਸੁਨੇਹਾ ਪਹੁੰਚਾ ਰਹੇ ਹਨ ਅਤੇ ਪਾਠਕ੍ਰਮ ਅਨੁਸਾਰ ਸਿੱਖਿਆ ਪ੍ਰਦਾਨ ਕਰਕੇ ਇਕ ਨਵਾਂ ਕੀਰਤੀਮਾਨ ਸਥਾਪਤ ਕਰ ਰਹੇ ਹਨ।
ਅਧਿਆਪਕ ਸਾਹਿਬਾਨ ਵੱਲੋਂ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਨਵਾਂ ਦਾਖਲਾ ਵੀ ਕੀਤਾ ਜਾ ਰਿਹਾ ਹੈ। ਸਮੂਹ ਅਧਿਆਪਕ ਵਰਗ ਇਸ ਲੋਕਡਾਊਨ ਦੀ ਸਥਿਤੀ ਵਿੱਚ ਸਿਲੇਬਸ ਨਾਲ ਸਬੰਧਿਤ ਆਡੀਓ, ਵੀਡੀਓ ਅਤੇ ਹੋਰ ਲਾਭਕਾਰੀ ਢੰਗ – ਤਰੀਕਿਆਂ ਨਾਲ ਬੱਚਿਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ, ਉਨ੍ਹਾਂ ਨੂੰ ਸਮੇਂ ਅਨੁਸਾਰ ਸਿੱਖਿਆ ਦੇ ਰਹੇ ਹਨ ਅਤੇ ਬੱਚਿਆਂ, ਉਨ੍ਹਾਂ ਦੇ ਮਾਤਾ – ਪਿਤਾ ਤੇ ਸਬੰਧਤ ਪਿੰਡ ਵਾਸੀਆਂ ਨੂੰ ਇਸ ਮਹਾਂਮਾਰੀ ਤੋਂ ਬਚਣ ਲਈ ਜਾਗਰੂਕ ਵੀ ਕਰ ਰਹੇ ਹਨ। ਜੋ ਕਿ ਸਮੂਹ ਅਧਿਆਪਕ ਸਾਹਿਬਾਨ ਦਾ ਬਹੁਤ ਵਧੀਆ ਤੇ ਸ਼ਲਾਘਾਯੋਗ ਕਦਮ ਉਪਰਾਲਾ ਹੈ। ਇਸ ਸਬੰਧੀ ਸਮੂਹ ਉੱਚ – ਅਧਿਕਾਰੀ, ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਬਲਾਕ ਸਿੱਖਿਆ ਅਧਿਕਾਰੀ ਵੀਡੀਓ ਕਾਨਫਰੰਸਾਂ ਰਾਹੀਂ ਸਮੁੱਚੇ ਅਧਿਆਪਕ ਵਰਗ ਦੀ ਸਮੇਂ – ਸਮੇਂ ‘ਤੇ ਹੌਸਲਾ ਅਫਜਾਈ ਵੀ ਕਰ ਰਹੇ ਹਨ । ਇਹ ਵੀ ਇੱਕ ਵੱਡੀ ਗੱਲ ਹੈ ਕਿ ਬੱਚੇ ਅਤੇ ਉਨ੍ਹਾਂ ਦੇ ਮਾਤਾ – ਪਿਤਾ ਵੀ ਨਵੀਂ ਤਕਨੀਕ ਅਤੇ ਨਵੇਂ ਢੰਗ – ਤਰੀਕਿਆਂ ਨੂੰ ਅਪਣਾ ਕੇ ਆਨਲਾਈਨ – ਸਿੱਖਿਆ ਪ੍ਰਤੀ ਦਿਲਚਸਪੀ ਦਿਖਾ ਰਹੇ ਹਨ ਅਤੇ ਅਧਿਆਪਕਾਂ ਦਾ ਸਹਿਯੋਗ ਕਰ ਰਹੇ ਹਨ । ਇਸ ਸਭ ਕੁਝ ਦਾ ਵੱਡਾ ਫਾਇਦਾ ਇਹ ਹੋ ਰਿਹਾ ਹੈ ਕਿ ਅਧਿਆਪਕ ਅਤੇ ਬੱਚੇ ਇੱਕ – ਦੂਸਰੇ ਨਾਲ ਇਸ ਲੋਕਡਾਊਨ ਅਤੇ ਮਹਾਂਮਾਰੀ ਜਿਹੇ ਵਕਤ ਵਿੱਚ ਵੀ ਜੁੜੇ ਹੋਏ ਹਨ, ਸੁਖਾਵਾਂ ਵਿੱਦਿਅਕ ਮਾਹੌਲ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ , ਵਿਦਿਆਰਥੀਆਂ ਵਿੱਚ ਪੜ੍ਹਾਈ ਪ੍ਰਤੀ ਉਤਸ਼ਾਹ ਪੈਦਾ ਹੋ ਰਿਹਾ ਹੈ ਤੇ ਸਮਰ ਕੈਂਪ ਵੀ ਲਾਏ ਜਾ ਰਹੇ ਹਨ।
ਇਸ ਉਪਰਾਲੇ ਨਾਲ (ਆਨਲਾਈਨ ਪੜ੍ਹਾਈ ਨਾਲ) ਸਮੂਹ ਵਿਦਿਆਰਥੀਆਂ ਅਤੇ ਸਮਾਜ ‘ਤੇ ਚੰਗਾ ਪ੍ਰਭਾਵ ਜ਼ਰੂਰ ਪਵੇਗਾ । ਇਸ ਸਭ ਦੇ ਲਈ ਸਤਿਕਾਰਯੋਗ ਸਮੂਹ ਅਧਿਆਪਕ ਸਾਹਿਬਾਨ, ਉੱਚ – ਸਿੱਖਿਆ ਅਧਿਕਾਰੀ ਅਤੇ ਬਹੁਤ ਹੀ ਸਤਿਕਾਰਯੋਗ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਆਪਣੀ ਮਿਹਨਤ, ਲਗਨ, ਸਮਰਪਣ, ਨਿਵੇਕਲੀ ਸੋਚ ਅਤੇ ਇਸ ਵੱਡੇ ਉਪਰਾਲੇ ਲਈ ਵਧਾਈ ਦੇ ਪਾਤਰ ਹਨ ।
ਮਾਸਟਰ ਸੰਜੀਵ ਧਰਮਾਣੀ .ਸ੍ਰੀ ਅਨੰਦਪੁਰ ਸਾਹਿਬ .+91 9478561356.