ਫਾਜ਼ਿਲਕਾ (ਸਮਾਜਵੀਕਲੀ) – ਇਸ ਸਬ ਡਵੀਜ਼ਨ ‘ਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਬਾਰੇਕਾ ਅਤੇ ਰੂਪਨਗਰ ਵਿੱਚ ਟਿੱਡੀ ਦਲ ਦੇ ਹਮਲੇ ਨੂੰ ਠੁੱਸ ਕਰ ਦਿੱਤਾ ਗਿਆ ਹੈ। 50 ਤੋਂ ਵਧੇਰੇ ਦਰੱਖਤਾਂ ‘ਤੇ ਬੈਠੇ ਟਿੱਡੀ ਦਲ ਨੂੰ ਫਾਇਰ ਬ੍ਰਿਗੇਡ ਦੇ ਦੋ ਇੰਜਨਾਂ ਨਾਲ ਸਪਰੇਅ ਕਰਕੇ ਖਤਮ ਕਰ ਦਿੱਤਾ ਗਿਆ ਹੈ।
ਤਹਿਸੀਲਦਾਰ ਗੁਲਾਟੀ ਨੇ ਦੱਸਿਆ ਕਿ ਫਰਵਰੀ ਮਹੀਨੇ ‘ਚ ਵੀ ਟਿੱਡੀ ਦਲ ਨੇ ਕਈ ਵਾਰ ਸਰਹੱਦ ਨੇੜੇ ਪਿੰਡਾਂ ‘ਚ ਫਸਲਾਂ ‘ਤੇ ਹਮਲਾ ਕੀਤਾ ਸੀ, ਪਰ ਪ੍ਰਸ਼ਾਸਨ ਦੀ ਪਹਿਲਕਦਮੀ ਨਾਲ ਕੀਟਨਾਸ਼ਕ ਸਪਰੇਅ ਕਰਦਿਆਂ ਫਸਲਾਂ ਦੀ ਰਾਖੀ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ 13 ਅਪ੍ਰੈਲ ਤੋਂ ਪਾਕਿਸਤਾਨ ਵਾਲੇ ਪਾਸਿਓ ਤਾਰੋਂ ਪਾਰ ਟਿੱਡੀ ਦਲ ਦੇ ਅੰਡਿਆਂ ਤੋਂ ਬੱਚੇ ਨਿਕਲ ਕੇ ਬਾਰੇਕਾਂ ਪਿੰਡ ਦੇ ਖੇਤਾਂ ‘ਚ ਪੁੱਜ ਰਹੇ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਪਿੰਡਾਂ ਅੰਦਰ 5 ਮੈਂਬਰੀ ਟੀਮ ਟਿੱਡੀ ਦਲ ਦੇ ਹਮਲੇ ਤੋਂ ਫਸਲਾਂ ਨੂੰ ਸੁਰੱਖਿਅਤ ਰੱਖਣ ਲਈ ਤਾਇਨਾਤ ਕੀਤੀ ਗਈ ਹੈ।