ਬੈਂਤ

(ਸਮਾਜ ਵੀਕਲੀ)

ਸਾਡੇ ਪਿੰਡ ਦੀ ਸੱਥ ਪੰਚਾਇਤ ਬੈਠੀ,
ਸੁੱਟੇ ਚੀਕ ਕੇ ਸੱਤਿਆਂ-ਅੱਠਿਆਂ ਨੂੰ।

ਮੱਝਾਂ ਗਾਂਵਾਂ ਨਹਾਉਣ ਮੁਹਾਣਿਆਂ ‘ਤੇ,
ਪੁੱਛਦਾ ਕੋਈ ਨਾ ਝੋਟਿਆਂ-ਢੱਠਿਆਂ ਨੂੰ।

ਅੱਗ ਲਾਈ ਤੇ ਡੱਬੀ ਨਿਆਈਂ ਸੁੱਟੀ,
ਫਿਰਨ ਮਾਰਦੇ ਬੁਸ਼ਕਰਾਂ ਸੱਠਿਆਂ ਨੂੰ।

ਕ਼ਬੂਤਰਬਾਜ਼ ਚੜ੍ਹੇ ਚੁਬਾਰਿਆਂ ‘ਤੇ,
ਚੋਗਾ ਪਾਉਂਦੇ ਕਬੂਤਰਾਂ ਲੱਠਿਆਂ ਨੂੰ ।

ਛ੍ਹਵਕੇ ਹੱਥਾਂ ‘ਚ ਸੀਟੀਆਂ ਮਾਰਦੇ ਨੇ,
ਕਿਹੜਾ ਰੋਕੇ ਮੁਸ਼ਟੰਡਿਆਂ ਕੱਠਿਆਂ ਨੂੰ

ਸਿਰ ਚੁੱਕੀ ਐ ਹੰਕਾਰ ਦੀ ਪੰਡ ਭਾਰੀ,
ਹਾਓਮੇ ਛੱਡੇ ਨਾ ਹੱਠ ਦੇ ਹੱਠਿਆਂ ਨੂੰ।

ਧੱਕੇ-ਮੁੱਕੀਆਂ ਪੱਗਾਂ ਉਛਾਲਦੇ ਨੇ,
ਚੁਗਲੀ-ਨਿੰਦਿਆ ਬਖ਼ਸ਼ਿਸ਼ ਕੁੱਠਿਆਂ ਨੂੰ।

ਉਗਲਦੇ ਅੱਗ ਨੇ ਗਾਲਾਂ ਗੰਦੀਆਂ ਦੀ,
ਇਹ ਪਾਉੰਦੇ ਮਾਤ ਭੱਟਾਂ ਦੇ ਭੱਠਿਆਂ ਨੂੰ।

ਗੁਰੂਘਰਾਂ ਦੀ ਰੱਖੂ ਹੋਰ ਲਾਜ ਕਿਹੜਾ,
ਫੜ ਕੇ ਪੁੱਛੋ ਖੜਪੰਚੀ ਦੇ ਗੱਠਿਆਂ ਨੂੰ।

ਜੁੜਦੇ ਬੈਲ ਪੰਜਾਲੀ ਹਲ਼ ਜੋਤਨੇ ਨੂੰ,
ਕੱਢ ਦੇਣ ਘਰੋਂ ਢਿੱਲੇ-ਮੱਠਿਆਂ ਨੂੰ।

ਫ਼ੱਨੇ-ਖਾਂਹਾਂ ਦੇ ਰਹੇ ਨਾ ਨਿਸ਼ਾਨ ਕਿਧਰੇ,
ਜਾ ਕੇ ਦੇਖ ਲਓ ਖੰਡਰਾਂ ਢੱਠਿਆਂ ਨੂੰ।

ਆਪੋ-ਅਪਣੇ ਇੱਜੜ ਪਏ ਚਾਰਦੇ ਨੇ,
ਮੋਢੇ ਚੁੱਕਿਆ ਸੱਠਿਆਂ-ਚੱਠਿਆਂ ਨੂੰ।

‘ਜਮੀਲ’ ਮੀਆਂ ਵਕ਼ਤ ਦਾ ਬਾਜ਼ ਐਸਾ,
ਦੇਵੇ ਜਾਣ ਕਿਤੇ ਵੀ ਨਾ ਨ੍ਹੱਠਿਆਂ ਨੂੰ।

ਜਮੀਲ ‘ਅਬਦਾਲੀ’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ਨੂੰ ਮਿਲਿਆ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ਐਵਾਰਡ “
Next articleਅੱਸੂ ਦੀ ਬਰਸਾਤ