ਰੋਜ਼ ਸਵੇਰੇ ਚਾਹ ਪੀਤੇ ਤੋਂ ਬਗ਼ੈਰ ਸਾਡੀ ਮੈਡਮ ਦੀ ਅੱਖ ਨਹੀਂ ਖੁੱਲਦੀ ਤੇ ਅੱਖ ਖੁੱਲਣ ਤੋਂ ਬਗ਼ੈਰ ਉਸ ਦਾ ਮੂਡ ਨਹੀਂ ਬਣਦਾ।ਸੋ ਉਸ ਦੇ ਮੂਡ ਨੂੰ ਬਣਾਉਣ ਲਈ ਮੈਨੂੰ ਨਿੱਤਨੇਮ ਨਾਲ ਅੰਮ੍ਰਿਤ ਵੇਲੇ ਉੱਠਣਾ ਪੈਂਦਾ ਹੈ ਅਤੇ ਸੰਧੂ ਦੀ ਡੇਅਰੀ ਤੋਂ ਦੁੱਧ ਲਿਆ ਕੇ ਚਾਹ ਦਾ ਜੁਗਾੜ ਕਰਨਾ ਪੈਂਦਾ ਹੈ। ਕਰਫ਼ਿਊ/ਲਾਕਡੌਨ ਕਾਰਨ ਹਲਾਤ ਭਾਵੇਂ ਕੁੱਝ ਅਣਸੁਖਾਵੇਂ ਹੋ ਗਏ ਸਨ ਪਰ ਮੇਰੇ ਵੱਲੋਂ ਇਹ (ਦੁੱਧ ਲਿਆਉਣ ਦੀ ਅਤੇ ਚਾਹ ਬਣਾਉਣ ਦੀ) ਸੇਵਾ ਨਿਰਵਿਘਨ ਜਾਰੀ ਸੀ। ਇਹ ਸੇਵਾ-ਭਾਵਨਾ ਮੈਨੂੰ ਆਪਣੀ ਮੈਡਮ ਦੀ ਖ਼ੁਸ਼ੀ ਦਾ ਪਾਤਰ ਬਣਾ ਰਹੀ ਸੀ, ਉਹ ਵੀ ਉਸ ਵੇਲੇ ਜਦੋਂ ਬੂਹੇ ਤੋਂ ਬਾਹਰ ਨਿਕਲਣਾ (ਕੋਰੋਨਾ ਕਰਕੇ) ਖ਼ਤਰੇ ਤੋਂ ਖ਼ਾਲੀ ਨਹੀਂ ਸੀ ਸਮਝਿਆ ਜਾਂਦਾ। ਚੰਗੇ-ਭਲੇ ਦਿਨ ਲੰਘ ਰਹੇ ਸਨ ਪਰ ਇੱਕ ਦਿਨ ਖ਼ਾਕੀ ਵਰਦੀ ਵਾਲਿਆਂ ਨੇ ਚੰਮ ਦੀ ਚਲਾ ਕੇ ਸਾਡੀ ਇਸ ਸੇਵਾ ਵਿਚ ਵਿਘਨ ਪਾਉਣ ਦਾ ਭਰਪੂਰ ਜਤਨ ਕੀਤਾ।ਉਨ੍ਹਾਂ ਵੱਲੋਂ ਕੀਤਾ ਇਹ ਕੋਝਾ ਜਤਨ ਮੈਨੂੰ ਆਰਥਿਕ ਢਾਹ ਤਾਂ ਲਗਾ ਗਿਆ ਪਰ ਮੇਰੀ ਸੇਵਾ-ਭਾਵਨਾ ਨੂੰ ਢਾਹ ਨਾ ਲਗਾ ਸਕਿਆ।
ਗੱਲ ਕਰਫ਼ਿਊ/ਲਾਕਡੌਨ ਦੇ ਦੂਸਰੇ ਸਪਤਾਹ ਦੀ ਹੈ ਜਦੋਂ ਕਰਫ਼ਿਊ ਵਿਚ ਕੁੱਝ ਕੁ ਸਮੇਂ ਦੀ ਢਿੱਲ ਮਿਲੀ ਹੋਈ ਸੀ।ਇਸ ਢਿੱਲ ਦਾ ਲਾਭ ਉਠਾਉਂਦੇ ਹੋਏ ਮੈਂ ਆਪਣੇ ਦੋਚੱਕਰੇ ਉਰਫ਼ ਸਾਇਕਲ ਉਪਰ ਰੋਜ਼ਾਨਾ ਦੀ ਤਰ੍ਹਾਂ ਸੰਧੂ ਮਝੈਲ ਦੀ ਡੇਅਰੀ ਤੋਂ ਲਿਫ਼ਾਫੇ ਵਿਚ ਦੁੱਧ ਲੈ ਕੇ ਆ ਰਿਹਾ ਸੀ।ਰਸਤੇ ਵਿਚ ਮੈਂ ਕੁੱਝ ਲੋਕਾਂ ਨੂੰ ਇੱਕ ਹਰੀ-ਭਰੀ ਪਾਰਕ ਵਿਚ ਸੈਰ ਕਰਦੇ ਦੇਖਿਆ।ਮਨ ਵਿਚ ਆਇਆ ਕਿ ਪਾਰਕ ਵਿਚ ਦੋ ਕੁ ਭਲਵਾਨੀ ਗੇੜੇ ਦੇ ਕੇ ਤਾਜ਼ਾਤਰੀਨ ਆਕਸੀਜਨ ਦੇ ਕੁੱਝ ਘੁੱਟ ਭਰ ਲਏ ਜਾਣ ਤਾਂ ਜੋ ਬਾਕੀ ਦਾ ਸਾਰਾ ਦਿਨ ਚੁਸਤੀ-ਫ਼ੁਰਤੀ ਬਣੀ ਰਹੇ ਅਤੇ ਸਰੀਰ ਵਿਚਲੀ ਸ਼ੂਗਰ ਦਾ ਪੱਧਰ ਵੀ ਕਾਬੂ ਵਿਚ ਰਹੇ।
ਆਪਣੀ ਸਿਹਤਮੰਦ ਸੋਚ ਨੂੰ ਅਮਲ ਵਿਚ ਲਿਆਉਣ ਲਈ ਮੈਂ (ਸਮੇਤ ਸਾਇਕਲ) ਉਸ ਪਾਰਕ ਵਿਚ ਪ੍ਰਵੇਸ਼ ਕਰ ਗਿਆ।ਸਾਇਕਲ ਦਾ ਸਟੈਂਡ ਪਾਰਕ ਦੀ ਉਸ ਜਗ੍ਹਾ ‘ਤੇ ਲਗਾ ਦਿੱਤਾ ਜਿਥੋਂ ਹੈਂਡਲ ਨਾਲ ਟੰਗੇ ਹੋਏ ਲਿਫ਼ਾਫ਼ੇ ‘ਤੇ ਦੂਰ ਤੱਕ ਨਜ਼ਰ ਬਣੀ ਰਹੇ। ਇਸ ਸਮੇਂ ਦੌਰਾਨ ਦੋ ਕੁ ਲਫ਼ੰਡਰ ਕਿਸਮ ਦੇ ਕੁੱਤੇ ਵੀ ਲਾਡੀਆਂ-ਪਾਡੀਆਂ ਕਰਦੇ ਹੋਏ ਪਾਰਕ ਵਿਚ ਘੁਸਪੈਂਠ ਕਰ ਗਏ।ਉਨ੍ਹਾਂ ਦੀ ਇਸ ਆਮਦ ਨਾਲ ਦੁੱਧ ਵਾਲੇ ਲਿਫ਼ਾਫ਼ੇ ਨੂੰ ਕੁੱਝ ਖ਼ਤਰਾ ਭਾਸਣ ਲੱਗ ਪਿਆ।ਇਸ ਖ਼ਤਰੇ ਤੋਂ ਬਚਣ ਲਈ ਮੈਂ ਆਪਣੇ ਮੂੰਹ ਵਾਲਾ ਰੁਮਾਲ ਲਿਫ਼ਾਫ਼ੇ ਦੇ ਇਰਦ-ਗ਼ਿਰਦ ਵਲੇਟ ਦਿੱਤਾ।ਇਕੱਲਾ ਰੁਮਾਲ ਦੇ ਭਰੋਸੇ ‘ਤੇ ਨਾ ਰਹਿੰਦੇ ਹੋਏ ਆਪਣੀ ਪੈਨੀ ਨਜ਼ਰ ਵੀ ਉਨ੍ਹਾਂ ਦੀਆਂ ਹਰਕਤਾਂ ਵੱਲ ਘੁਮਾਅ ਛੱਡੀ।ਪਰ ਉਸ ਸਮੇਂ ਉਨ੍ਹਾਂ ਦਾ ਧਿਆਨ ਪੀਣ-ਖਾਣ ਵੱਲ ਨਾ ਹੋ ਸਿਰਫ਼ ਲਾਡ-ਲਡਾਣ ਵੱਲ ਹੀ ਸੀ ਅਤੇ ਉਹ ਇਸ ਸਮੇਂ ਦਾ ਪੂਰਨ ਆਨੰਦ ਲੈ ਰਹੇ ਸਨ।ਉਨ੍ਹਾਂ ਵੱਲੋਂ ਨਜ਼ਰ ਹਟਾ ਕੇ ਮੈਂ ਸੈਰ ਦਾ ਲੁਤਫ਼ ਉਠਾਉਣ ਲੱਗਾ।ਅਜੇ ਦੂਜਾ ਗੇੜਾ ਪੂਰਾ ਵੀ ਨਹੀਂ ਸੀ ਹੋਇਆ ਕਿ ਲਾਊਡ-ਸਪਕੀਰ ਵਿਚੋਂ ਇੱਕ ਆਵਾਜ਼ ਸੁਣਾਈ ਦਿੱਤੀ- ‘ੳੇੁਸ ਸਾਇਕਲ ਦੀ ਹਵਾ ਕੱਢ! ਹਵਾ ਕੱਢ!!’ ਕੰਨਾਂ ਦੇ ਨਾਲ-ਨਾਲ ਜਦੋਂ ਮੈਂ ਇਸ ਆਵਾਜ਼ ਵੱਲ ਅੱਖਾਂ ਘੁਮਾਈਆਂ ਤਾਂ ਇਹ ਆਵਾਜ਼ ਕਿਤੋਂ ਦੂਰ ਤੋਂ ਨਹੀਂ ਸਗੋਂ ਖ਼ਾਕੀ ਵਰਦੀ ਵਾਲਿਆਂ ਦੀ ਗੱਡੀ ਉਪਰ ਲੱਗੇ ਹੋਏ ਸਪੀਕਰ ਵਿਚੋਂ ਆ ਰਹੀ ਸੀ।ਗੱਡੀ ਰੁੱਕਣ ‘ਤੇ ਇੱਕ ਸਪਾਹਟਾ ਉਤਰ ਕੇ ਮੇਰੇ ਦੋਚੱਕਰੇ ਦੇ ਟਾਇਰਾਂ ਵਿਚੋਂ ਹਵਾ ਕੱਢਣ ਲਈ ਤੇਜ ਗਤੀ ਨਾਲ ਪਾਰਕ ਵੱਲ ਆ ਰਿਹਾ ਸੀ।ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੈਂ ਵੀ ਆਪਣੇ ਸਾਇਕਲ ਕੋਲ ਪਹੁੰਚ ਗਿਆ।ਇਸ ਸਮੇਂ ਦੌਰਾਨ ਪਾਰਕ ਵਿਚ ਸੈਰ ਕਰ ਰਹੇ ਬਾਕੀ ਲੋਕ ਪਤਰਾ ਵਾਚ ਗਏ ।
ਜਦੋਂ ਮੈਂ ਸਾਈਕਲ ਨੂੰ ਲੈ ਕੇ ਬਾਹਰ ਨਿਕਲਣ ਲੱਗਾ ਤਾਂ ਉਸ ਨੌਜਵਾਨ ਸਪਾਹਟੇ ਨੇ ਹੈਂਡਲ ਨੂੰ ਹੱਥ ਪਾ ਲਿਆ। ‘ਸਾਇਕਲ ਦੇ ਟਾਇਰਾਂ ਵਿਚੋਂ ਹਵਾ ਕੱਢ।’ ੳੇੁਸ ਨੇ ਪੂਰੇ ਪੁਲਿਸੀਏ ਰੋਅਬ ਨਾਲ ਕਿਹਾ। ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਦੁੱਧ ਲੈ ਕੇ ਲੰਘ ਰਿਹਾ ਸੀ.ਮਿੱਠੇ ਦਾ ਮਰੀਜ਼ ਹੋਣ ਕਰਕੇ ਡਾਕਟਰ ਨੇ ਸੈਰ ਲਾਜ਼ਮੀ ਕੀਤੀ ਹੋਈ ਹੈ,ਇਸ ਲਈ ਇੱਕ ਦੋ ਰਾਉਂਡ ਮਾਰਨ ਲਈ ਪਾਰਕ ਵਿਚ ਆ ਗਿਆ।ਪਰ ਉਸ ਨੇ ਮੇਰੀ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ।
ਕਾਨੂੰਨ ਦਾ ਉਹ ਰਾਖਾ ਵਾਰ-ਵਾਰ ਹਵਾ ਕੱਢਣ ਲਈ ਕਹਿ ਰਿਹਾ ਸੀ।ਇਸ ਤਰ੍ਹਾਂ ਕਰਕੇ ਸ਼ਾਇਦ ਉਹ ਆਪਣੇ ਬੌਸ (ਗੱਡੀ ਵਿਚ ਬੈਠੇ ਠਾਣੇਦਾਰ) ਸ਼ਾਬਾਸ ਲੈਣੀ ਚਾਹੁੰਦਾ ਸੀ।ਮੈਂ ਆਪਣੇ ਸਾਇਕਲ ਵਿਚੋਂ ਹਵਾ ਕੱਢਣ ਲਈ ਰਾਜ਼ੀ ਨਹੀਂ ਸੀ ਹੋ ਰਿਹਾ ਕਿਉਂਕਿ ਇਹ ਹਵਾ ਮੈਂ ਅਜੇ ਇੱਕ ਦਿਨ ਪਹਿਲਾਂ ਹੀ ਭਰੀ ਸੀ ਤੇ ਉਹ ਵੀ (ਬਾਜ਼ਾਰ ਬੰਦ ਹੋਣ ਕਰਕੇ) ਚਾਰ ਮੀਲ ਦੀ ਦੂਰੀ ‘ਤੇ ਜਾ ਕੇ।
ਗੱਲ ਕਿਸੇ ਸਿਰੇ ਨਾ ਲੱਗਦੀ ਦੇਖ ਕੇ ਮੈਂ ਉਸ ਸਪਾਹਟੇ ਨੂੰ ਕਿਹਾ ਕਿ ਚੱਲ ਮੈਂ ਤੇਰੇ ਸਾਹਬ ਨਾਲ ਹੀ ਗੱਲ ਕਰ ਲੈਂਦਾ ਹਾਂ।ਇਸ ਸੋਚ ਨਾਲ ਕਿ ਸ਼ਾਇਦ ਅਫ਼ਸਰ ਮੇਰੀ ਗੱਲ ਨੂੰ ਸਮਝ ਕਿ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲਵੇਗਾ।ਮੈਂ ਦੁੱਧ ਸਮੇਤ ਆਪਣਾ ਸਾਇਕਲ ਗੱਡੀ ਦੇ ਕੋਲ ਹੀ ਲੈ ਗਿਆ।ਮੇਰੀ ਉਮੀਦ ਦੇ ਉਲਟ ਉਸ ਦਾ ਸਾਹਿਬ ਉਸ ਤੋਂ ਵੀ ਦੋ ਕਦਮ ਅੱਗੇ ਨਿਕਲ ਗਿਆ।ਮੇਰੀ ਉਮਰ ਦਾ ਲਿਹਾਜ਼ ਨਾ ਕਰਦਿਆਂ ਹੋਇਆਂ ਉਸ ਨੇ ਮੈਨੂੰ ਕਈ ਤੱਤੀਆਂ-ਠੰਢੀਆਂ ਸੁਣਾਈਆਂ ਅਤੇ ਟਾਇਰਾਂ ਵਿਚੋਂ ਫ਼ੂਕ ਕੱਢਣ ਲਈ ਆਪਣੇ ਉਸ ਮੁਲਾਜ਼ਮ ਨੂੰ ਫ਼ੂਕ ਮਾਰ ਦਿੱਤੀ।ਆਪਣੇ ਸਾਹਬ ਤੋਂ ਫ਼ੂਕ ਛੱਕ ਕੇ ਉਸ ਸਿਪਾਹੀ ਨੇ ਮੇਰੇ ਸਾਇਕਲ ਦੀਆਂ ਦੋਵਾਂ ਟਿਊਬਾਂ ਵਿਚੋਂ ਝੱਟ ਫ਼ੂਕ ਕੱਢ ਦਿੱਤੀ।ਫ਼ੂਕ ਨਿਕਲਦੇ ਸਾਰ ਹੀ ਦੋਵੇਂ ਚੱਕੇ ਹੈਂਡੀਕੈਪਡ ਹੋ ਗਏ ਅਤੇ ਰੇਂਜਰ ਸਾਇਕਲ ਹੇਠਾਂ ਡਿੱਗ ਪਿਆ।ਸਾਇਕਲ ਦੇ ਡਿੱਗਣ ਨਾਲ ਹੈਂਡਲ ਨਾਲ ਟੰਗਿਆਂ ਦੁੱਧ ਦਾ ਲਿਫ਼ਾਫਾ ਵੀ ਆਪਣੇ ਸਵਾਸ ਛੱਡ (ਫੱਟ) ਗਿਆ ਅਤੇ ਦੁੱਧ ਮਿੱਟੀ ਵਿਚ ਮਿਲ ਗਿਆ।
ਖ਼ਾਕੀ ਵਾਲਿਆਂ ਦੀ ਇਹ ਧੱਕੇਸ਼ਾਹੀ ਬੇਸ਼ੱਕ ਮੇਰਾ ਦੂਹਰਾ ਨੁਕਸਾਨ ਕਰ ਗਈ ਪਰ ਮੇਰੇ ਪਤਨੀ-ਪ੍ਰੇਮ ਨੂੰ ਨਾ ਘਟਾ ਸਕੀ।ਪੰਜਾਬ ਪੁਲਿਸ ਦੇ ਇਸ ਕੌੜੇ ਭਾਣੇ ਨੂੰ ਮੰਨ ਕੇ ਮੈਂ ਮੁੜ ਦੁਕਾਨ ‘ਤੇ ਗਿਆ ਅਤੇ ਨਵਾਂ ਦੁੱਧ ਦਾ ਪੈਕਟ ਖ੍ਰੀਦ ਲਿਆ।ਇਸ ਪੈਕਟ ਵਾਲੇ ਦੁੱਧ ਨਾਲ ਚਾਹ ਬਣਾ ਕੇ ਮੈਂ ਆਪਣੀ ਸ਼੍ਰੀਮਤੀ ਦਾ ਮੂਡ ਬਣਾਉਣ ਵਿਚ ਕਾਮਯਾਬ ਰਿਹਾ।
-ਰਮੇਸ਼ ਬੱਗਾ ਚੋਹਲਾ
ਲੁਧਿਆਣਾ ਮੋਬ: +91 9463 132 719